ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗਾਜ਼ਾ ਜੰਗ ਨੂੰ ਖ਼ਤਮ ਕਰਨ ਲਈ ਪੇਸ਼ ਕੀਤੇ ਨਵੇਂ 15-ਨੁਕਾਤੀ ਪਲਾਨ ਨੂੰ ਮੌਜੂਦਾ ਰੂਪ ਵਿੱਚ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਵੱਲੋਂ ਦਿੱਤੇ ਗਏ ਕੁਝ ਸੁਝਾਅ ਇਜ਼ਰਾਈਲ ਨੂੰ ਮਨਜ਼ੂਰ ਹਨ, ਜਦਕਿ ਕੁਝ ਨਾਲ ਉਹ ਸਹਿਮਤ ਨਹੀਂ ਹੈ।
ਨੇਤਨਯਾਹੂ ਨੇ ਕੈਬਨਿਟ ਮੀਟਿੰਗ ਦੌਰਾਨ ਕਿਹਾ ਕਿ ਇਜ਼ਰਾਈਲੀ ਫੌਜ ਗਾਜ਼ਾ ਤੋਂ ਉਦੋਂ ਤੱਕ ਪਿੱਛੇ ਨਹੀਂ ਹਟੇਗੀ, ਜਦੋਂ ਤੱਕ ਹਮਾਸ ਪੂਰੀ ਤਰ੍ਹਾਂ ਹਥਿਆਰ ਨਹੀਂ ਛੱਡਦਾ। ਉਨ੍ਹਾਂ ਮੁਤਾਬਕ ਇਸ ਵਿੱਚ ਭਾਰੀ ਅਤੇ ਹਲਕੇ ਸਮੇਤ ਹਰ ਤਰ੍ਹਾਂ ਦੇ ਹਥਿਆਰ ਸ਼ਾਮਲ ਹਨ।
ਟਰੰਪ ਦੇ ਪਲਾਨ ਤਹਿਤ ਹਮਾਸ ਦੇ ਹਥਿਆਰ ਛੱਡਣ ਦੇ ਨਾਲ ਇਜ਼ਰਾਈਲੀ ਫੌਜਾਂ ਦੀ ਪੜਾਅਵਾਰ ਵਾਪਸੀ ਅਤੇ ਗਾਜ਼ਾ ਦੀ ਸੁਰੱਖਿਆ ਲਈ ਇੱਕ ਅੰਤਰਰਾਸ਼ਟਰੀ ਸਥਿਰਤਾ ਫੋਰਸ ਅਤੇ ਨਵੀਂ ਫਲਸਤੀਨੀ ਪੁਲਿਸ ਫੋਰਸ ਦੀ ਭੂਮਿਕਾ ਦਾ ਪ੍ਰਸਤਾਵ ਹੈ।
ਦੂਜੇ ਪਾਸੇ ਹਮਾਸ ਦੇ ਸੀਨੀਅਰ ਅਧਿਕਾਰੀ ਬਾਸੇਮ ਨਈਮ ਨੇ ਕਿਹਾ ਕਿ ਸੰਗਠਨ ਕਾਹਿਰਾ ਵਿੱਚ ਤੈਅ ਕੀਤੇ ਰੋਡਮੈਪ ਪ੍ਰਤੀ ਵਚਨਬੱਧ ਹੈ। ਹਮਾਸ ਦਾ ਕਹਿਣਾ ਹੈ ਕਿ ਸਮਝੌਤੇ ਨੂੰ ਲਾਗੂ ਕਰਨ ਤੋਂ ਪਹਿਲਾਂ ਇਜ਼ਰਾਈਲ ਨੂੰ ਵੀ ਆਪਣੇ ਵਾਅਦੇ ਪੂਰੇ ਕਰਨੇ ਹੋਣਗੇ, ਜਿਨ੍ਹਾਂ ਵਿੱਚ ਫੌਜੀ ਵਾਪਸੀ ਅਤੇ ਹਮਲੇ ਰੋਕਣਾ ਸ਼ਾਮਲ ਹੈ।
ਇਸ ਦੌਰਾਨ ਅਮਰੀਕੀ ਦਬਾਅ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਵਿੱਚ ਆਪਣੇ ਹਮਲਿਆਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਹੈ। ਹੁਣ ਟਰੰਪ ਪ੍ਰਸ਼ਾਸਨ, ਇਜ਼ਰਾਈਲ ਅਤੇ ਹਮਾਸ ਵਿਚਾਲੇ ਨਵੇਂ ਰੋਡਮੈਪ ਨੂੰ ਲਾਗੂ ਕਰਨ ਸਬੰਧੀ ਗੱਲਬਾਤ ਜਾਰੀ ਹੈ।






