ਕਾਠਮੰਡੂ: ਨੇਪਾਲ ਵਿੱਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਮੌਤਾਂ ਦੀ ਗਿਣਤੀ ਵਧ ਕੇ 1,377 ਹੋ ਗਈ ਹੈ। ਪ੍ਰਭਾਵਿਤ ਇਲਾਕਿਆਂ ਵਿੱਚੋਂ ਲਗਾਤਾਰ ਲਾਸ਼ਾਂ ਮਿਲਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਰਹੀ ਹੈ, ਜਦਕਿ 5,130 ਲੋਕ ਅਜੇ ਵੀ ਲਾਪਤਾ ਹਨ।
ਨੇਪਾਲ ਦੀ National Disaster Risk Reduction and Management Authority (NDRRMA) ਮੁਤਾਬਕ ਚਿਤਵਨ ਵਿੱਚ 364, ਨਵਲਪਰਾਸੀ ਈਸਟ ਵਿੱਚ 228, ਨਵਲਪਰਾਸੀ ਵੈਸਟ ਵਿੱਚ 222 ਅਤੇ ਨੁਵਾਕੋਟ ਵਿੱਚ 198 ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਰਸੁਵਾ ਵਿੱਚ 178, ਗੋਰਖਾ ਵਿੱਚ 77, ਧਾਦਿੰਗ ਵਿੱਚ 70 ਅਤੇ ਤਨਾਹੂ ਵਿੱਚ 38 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਕਾਠਮੰਡੂ ਵਿੱਚ ਇਲਾਜ ਦੌਰਾਨ ਦੋ ਹੋਰ ਹੜ੍ਹ ਪੀੜਤਾਂ ਦੀ ਮੌਤ ਹੋਈ।
ਹੁਣ ਤੱਕ 13,656 ਲੋਕਾਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਲਈ ਰਾਹਤ ਅਤੇ ਸਰਚ ਆਪਰੇਸ਼ਨ ਜਾਰੀ ਹਨ।
ਇਹ ਤਬਾਹੀ ਨੇਪਾਲ-ਤਿੱਬਤ ਸਰਹੱਦ ਨੇੜੇ 26 ਅਗਸਤ ਨੂੰ ਆਏ ਬਰਫ਼-ਚੱਟਾਨਾਂ ਦੇ ਐਵਲਾਂਚ ਕਾਰਨ ਆਏ ਅਚਾਨਕ ਹੜ੍ਹਾਂ ਤੋਂ ਬਾਅਦ ਵਾਪਰੀ। ਭੋਟੇਕੋਸ਼ੀ ਦਰਿਆ ਵਿੱਚ ਪਾਣੀ ਦਾ ਤੇਜ਼ ਵਹਾਅ ਕਈ ਇਲਾਕਿਆਂ ਵਿੱਚ ਤਬਾਹੀ ਮਚਾਉਂਦਾ ਹੋਇਆ ਘਰਾਂ, ਵਾਹਨਾਂ, ਸੜਕਾਂ ਅਤੇ ਪੁਲਾਂ ਨੂੰ ਆਪਣੇ ਨਾਲ ਵਹਾ ਲੈ ਗਿਆ। ਕਈ ਹਾਈਡ੍ਰੋਪਾਵਰ ਪ੍ਰਾਜੈਕਟ ਵੀ ਨੁਕਸਾਨੇ ਗਏ।
ਚੀਨੀ ਮੀਡੀਆ ਰਿਪੋਰਟਾਂ ਮੁਤਾਬਕ ਤਬਾਹੀ ਵਿੱਚ ਚੀਨ ਵਾਲੇ ਪਾਸੇ ਵੀ ਘੱਟੋ-ਘੱਟ 43 ਲੋਕਾਂ ਦੀ ਮੌਤ ਹੋਈ ਹੈ, ਜਦਕਿ ਤਿੱਬਤ ਵਿੱਚ 500 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।






