HomeHaryana News‘ਜਾਗ੍ਰਿਤੀ’ ਦੇ ਦਿਵਯ ਪ੍ਰਕਾਸ਼ ਅਤੇ ਏਕਤਾ ਦੇ ਸੰਦੇਸ਼ ਨਾਲ ਰੌਸ਼ਨ ਹੋਇਆ 79ਵਾਂ...

‘ਜਾਗ੍ਰਿਤੀ’ ਦੇ ਦਿਵਯ ਪ੍ਰਕਾਸ਼ ਅਤੇ ਏਕਤਾ ਦੇ ਸੰਦੇਸ਼ ਨਾਲ ਰੌਸ਼ਨ ਹੋਇਆ 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ

“ਜਾਗਰੂਕਤਾ ਸਿਰਫ਼ ਬਾਹਰੀ ਸਾਵਧਾਨੀ ਤੱਕ ਹੀ ਸੀਮਤ ਨਹੀਂ ਹੈ, ਸਗੋਂ ਆਪਣੇ ਵਿਚਾਰਾਂ, ਵਿਹਾਰ ਅਤੇ ਭਾਵਨਾਵਾਂ ਪ੍ਰਤੀ ਵੀ ਸੁਚੇਤ ਰਹਿਣਾ ਜ਼ਰੂਰੀ ਹੈ।” ਇਸ ਅਧਿਆਤਮਿਕ ਸੰਦੇਸ਼ ਨੂੰ ਸਾਂਝਾ ਕਰਦਿਆਂ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਵਿੱਚ ਪਹੁੰਚੇ ਵਿਸ਼ਾਲ ਮਾਨਵ ਪਰਿਵਾਰ ਨੂੰ ਸੰਬੋਧਨ ਕੀਤਾ। ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਸੰਤ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਤੇ ਭਗਤ ਸ਼ਾਮਲ ਹੋਏ।

ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਨਾਲ ਜੁੜੇ ਲੋਕਾਂ ਦਾ ਇਹ ਪਿਆਰ ਭਰਿਆ ਮਿਲਾਪ ਸਦਭਾਵਨਾ, ਆਪਸੀ ਸਾਂਝ ਅਤੇ ਵਿਸ਼ਵ ਭਾਈਚਾਰੇ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕਰ ਰਿਹਾ ਹੈ। ਸਮਾਗਮ ਦਾ ਸਮੁੱਚਾ ਮਾਹੌਲ ਅਧਿਆਤਮਿਕ ਚੇਤਨਾ, ਭਗਤੀ ਅਤੇ ਆਪਸੀ ਪਿਆਰ ਦੀਆਂ ਭਾਵਨਾਵਾਂ ਨਾਲ ਸਰਸ਼ਾਰ ਹੈ। ਸਤਿਗੁਰੂ ਮਾਤਾ ਜੀ ਨੇ ਅਧਿਆਤਮਿਕ ‘ਜਾਗ੍ਰਿਤੀ’ ਦੇ ਅਸਲ ਅਰਥ ਨੂੰ ਸਮਝਾਉਂਦਿਆਂ ਫ਼ਰਮਾਇਆ ਕਿ ਜਾਗਰੂਕਤਾ ਕੇਵਲ ਬਾਹਰੀ ਦਿਖਾਵੇ ਜਾਂ ਸਾਵਧਾਨੀ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਮਨੁੱਖ ਨੂੰ ਆਪਣੇ ਵਿਚਾਰਾਂ, ਵਿਹਾਰ ਅਤੇ ਭਾਵਨਾਵਾਂ ਪ੍ਰਤੀ ਵੀ ਚੇਤੰਨ ਰਹਿਣਾ ਚਾਹੀਦਾ ਹੈ।

ਭਗਤੀ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਸਤਿਗੁਰੂ ਮਾਤਾ ਜੀ ਨੇ ਸਮਝਾਇਆ ਕਿ ਸੱਚੀ ਭਗਤੀ ਕਿਸੇ ਬਾਹਰੀ ਪਛਾਣ ਦੀ ਮੁਥਾਜ ਨਹੀਂ ਹੁੰਦੀ। ਇਹ ਪ੍ਰੇਮ, ਨਿਮਰਤਾ, ਸਹਿਣਸ਼ੀਲਤਾ ਅਤੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਹੀ ਸਾਰਥਕ ਬਣਦੀ ਹੈ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਸਮੇਂ ਦੇ ਨਾਲ ਜੀਵਨ-ਸ਼ੈਲੀ ਵਿੱਚ ਆਉਣ ਵਾਲੇ ਬਦਲਾਵਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਪਰ ਇਸ ਦੇ ਨਾਲ ਹੀ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਈ ਰੱਖਣਾ ਵੀ ਬੇਹੱਦ ਜ਼ਰੂਰੀ ਹੈ।

ਸਤਿਸੰਗ ਦੀ ਅਸਲ ਮਹੱਤਤਾ ਤਾਂ ਹੀ ਹੈ, ਜਦੋਂ ਉੱਥੋਂ ਪ੍ਰਾਪਤ ਸਿੱਖਿਆਵਾਂ ਨੂੰ ਆਪਣੇ ਜੀਵਨ ਅਤੇ ਆਚਰਨ ਵਿੱਚ ਅਪਣਾਇਆ ਜਾਵੇ ਅਤੇ ਆਤਮ-ਮੰਥਨ ਦੀ ਭਾਵਨਾ ਨੂੰ ਨਿਰੰਤਰ ਕਾਇਮ ਰੱਖਿਆ ਜਾਵੇ। ਸਤਿਗੁਰੂ ਮਾਤਾ ਜੀ ਦੇ ਪ੍ਰਵਚਨਾਂ ਤੋਂ ਪਹਿਲਾਂ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਇੱਕ ਦ੍ਰਿਸ਼ਟੀਹੀਣ ਵਿਅਕਤੀ ਅਤੇ ਲਾਲਟੈਨ ਦੀ ਉਦਾਹਰਨ ਦੇ ਕੇ ਸਮਝਾਇਆ ਕਿ ਕੇਵਲ ਗੁਰਮੁਖ ਦਾ ਬਾਹਰੀ ਸਰੂਪ ਧਾਰਨ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਜੀਵਨ ਵਿੱਚ ਬ੍ਰਹਮਗਿਆਨ, ਪ੍ਰੇਮ ਅਤੇ ਸਮਰਪਣ ਦੀ ਜੋਤ ਹਮੇਸ਼ਾ ਜਗਦੀ ਰਹਿਣੀ ਚਾਹੀਦੀ ਹੈ।

ਸੇਵਾ, ਸਿਮਰਨ ਅਤੇ ਸਤਿਸੰਗ ਰਾਹੀਂ ਆਪਣੇ ਵਿਚਾਰਾਂ, ਭਾਵਨਾਵਾਂ ਅਤੇ ਆਚਰਨ ਨੂੰ ਨਿਰੰਤਰ ਸੁਧਾਰਨਾ ਹੀ ਸੱਚੀ ਅਧਿਆਤਮਿਕ ਜਾਗ੍ਰਿਤੀ ਹੈ। ਇਸ ਮੌਕੇ ਚਿਸ਼ਤੀ ਫਾਊਂਡੇਸ਼ਨ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੂੰ ‘ਗਲੋਬਲ ਪੀਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments