ਦਿਲੀ, ਤਿਮੋਰ-ਲੇਸਤੇ: ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਡਾ. ਟੈਡਰੋਸ ਅਧਾਨੋਮ ਗੇਬ੍ਰੇਯੇਸਸ ਨੇ ਭਾਰਤ ਦੀ ਸਿਹਤ ਪ੍ਰਣਾਲੀ ਵਿੱਚ ਹੋ ਰਹੀ ਤਰੱਕੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਖਾਸ ਤੌਰ ’ਤੇ ਮਾਤਾ ਅਤੇ ਬੱਚਿਆਂ ਦੀ ਸਿਹਤ, ਗੈਰ-ਸੰਚਾਰੀ ਬਿਮਾਰੀਆਂ ਅਤੇ ਟੀਬੀ ਖ਼ਿਲਾਫ਼ ਭਾਰਤ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਡਾ. ਟੈਡਰੋਸ ਨੇ WHO ਦੀ ਦੱਖਣ-ਪੂਰਬੀ ਏਸ਼ੀਆ ਖੇਤਰੀ ਕਮੇਟੀ ਦੇ 79ਵੇਂ ਸੈਸ਼ਨ ਦੌਰਾਨ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤ ਦੀਆਂ ਸਿਹਤ ਉਪਲਬਧੀਆਂ ਅਤੇ WHO ਨਾਲ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਹੋਇਆ।
WHO ਮੁਖੀ ਨੇ ਕਿਹਾ ਕਿ ਭਾਰਤ ਦੇ ਲਗਭਗ 1.60 ਲੱਖ ਆਯੁਸ਼ਮਾਨ ਆਰੋਗਿਆ ਮੰਦਰ ਲੋਕਾਂ ਦੇ ਨੇੜੇ ਸਿਹਤ ਸੇਵਾਵਾਂ ਪਹੁੰਚਾ ਰਹੇ ਹਨ। ਇਨ੍ਹਾਂ ਕੇਂਦਰਾਂ ਰਾਹੀਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਆਮ ਕੈਂਸਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ASHA ਵਰਕਰਾਂ ਦੇ ਨੈੱਟਵਰਕ ਨੂੰ ਵੀ ਸਿਹਤ ਸੇਵਾਵਾਂ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਮਾਧਿਅਮ ਦੱਸਿਆ।
ਡਾ. ਟੈਡਰੋਸ ਨੇ ਭਾਰਤ ਵਿੱਚ ਸੰਸਥਾਗਤ ਜਣੇਪਿਆਂ ਦੀ ਦਰ 78 ਫੀਸਦੀ ਤੋਂ ਵਧ ਕੇ 93 ਫੀਸਦੀ ਹੋਣ ਨੂੰ ਵੀ ਮਹੱਤਵਪੂਰਨ ਉਪਲਬਧੀ ਦੱਸਿਆ। ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਵਿਸਥਾਰ ਨਾਲ ਇਸ ਦਾ ਮਾਤਾ ਅਤੇ ਬੱਚਿਆਂ ਦੀ ਮੌਤ ਦਰ ਘਟਾਉਣ ਵਿੱਚ ਯੋਗਦਾਨ ਹੈ।
ਇਸ ਦੌਰਾਨ ਨੱਡਾ ਨੇ ਦੱਸਿਆ ਕਿ 2014 ਤੋਂ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵਧ ਕੇ 858 ਹੋ ਗਈ ਹੈ। MBBS ਸੀਟਾਂ 51,348 ਤੋਂ ਵਧ ਕੇ 1,42,464 ਅਤੇ ਪੋਸਟਗ੍ਰੈਜੂਏਟ ਸੀਟਾਂ 31,185 ਤੋਂ ਵਧ ਕੇ 86,287 ਹੋ ਗਈਆਂ ਹਨ।






