ਮਸਕਟ: ਸਟ੍ਰੇਟ ਆਫ਼ ਹਾਰਮੁਜ਼ ਵਿੱਚ ਇੱਕ ਜਹਾਜ਼ ’ਤੇ ਅਣਪਛਾਤੇ ਪ੍ਰੋਜੈਕਟਾਈਲ ਨਾਲ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਕਾਰਨ ਜਹਾਜ਼ ਦੇ ਇੰਜਣ ਰੂਮ ਨੂੰ ਨੁਕਸਾਨ ਪਹੁੰਚਿਆ, ਜਦਕਿ ਇੱਕ ਕਰੂ ਮੈਂਬਰ ਦੀ ਮੌਤ ਹੋਣ ਦੀ ਰਿਪੋਰਟ ਹੈ।
ਯੂਕੇ ਮੈਰੀਟਾਈਮ ਟ੍ਰੇਡ ਓਪਰੇਸ਼ਨਜ਼ (UKMTO) ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਹਾਰਮੁਜ਼ ਜਲਡਮਰੂਮੱਧ ਤੋਂ ਬਾਹਰ ਨਿਕਲ ਰਿਹਾ ਸੀ। ਘਟਨਾ ਤੋਂ ਬਾਅਦ ਬਾਕੀ ਕਰੂ ਮੈਂਬਰਾਂ ਦੀ ਓਮਾਨੀ ਕੋਸਟ ਗਾਰਡ ਵੱਲੋਂ ਸਹਾਇਤਾ ਕੀਤੀ ਗਈ।
ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਹਾਰਮੁਜ਼ ਜਲਡਮਰੂਮੱਧ ਵਿੱਚ ਸਮੁੰਦਰੀ ਆਵਾਜਾਈ ਪਹਿਲਾਂ ਹੀ ਪ੍ਰਭਾਵਿਤ ਹੋਈ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਇਸ ਮਹੱਤਵਪੂਰਨ ਜਲਮਾਰਗ ਰਾਹੀਂ ਸਿਰਫ਼ ਛੇ ਕਮੋਡਿਟੀ ਜਹਾਜ਼ ਲੰਘੇ, ਜਦਕਿ ਆਮ ਤੌਰ ’ਤੇ ਇੱਥੇ ਜਹਾਜ਼ਾਂ ਦੀ ਆਵਾਜਾਈ ਕਾਫ਼ੀ ਜ਼ਿਆਦਾ ਹੁੰਦੀ ਹੈ।
ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਜਹਾਜ਼ ’ਤੇ ਹਮਲਾ ਕਰਨ ਲਈ ਪ੍ਰੋਜੈਕਟਾਈਲ ਕਿਸ ਵੱਲੋਂ ਦਾਗਿਆ ਗਿਆ। ਘਟਨਾ ਦੀ ਜਾਂਚ ਜਾਰੀ ਹੈ ਅਤੇ ਇਸ ਹਮਲੇ ਨੇ ਹਾਰਮੁਜ਼ ਰਾਹੀਂ ਸਮੁੰਦਰੀ ਆਵਾਜਾਈ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।






