HomePunjabMalerkotlaਖੇਤਾਂ ਦੀ ਮਿੱਟੀ ਨੂੰ ਅੱਗ ਨਹੀਂ, ਸੰਭਾਲ ਦੀ ਸੌਗਾਤ ਦਿਓ; ਪਰਾਲੀ ਨਾ...

ਖੇਤਾਂ ਦੀ ਮਿੱਟੀ ਨੂੰ ਅੱਗ ਨਹੀਂ, ਸੰਭਾਲ ਦੀ ਸੌਗਾਤ ਦਿਓ; ਪਰਾਲੀ ਨਾ ਸਾੜਨ ਵਾਲੇ ਕਿਸਾਨ ਬਣਨ ਸਮਾਜ ਲਈ ਮਿਸਾਲ-ਹਰਜਿੰਦਰ ਸਿੰਘ

ਐਸ.ਐਚ.ਓ ਅਮਰਗੜ ਵੱਲੋਂ ਕਿਸਾਨਾਂ ਨਾਲ ਖੇਤਾਂ ’ਚ ਜਾਕੇ ਕੀਤੀ ਗੱਲਬਾਤ; ਵਾਤਾਵਰਣ ਦੀ ਰਾਖੀ ਅਤੇ ਨਸ਼ਾ ਮੁਕਤ ਮਾਲੇਰਕੋਟਲਾ ਲਈ ਸਾਂਝੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ

ਅਮਰਗੜ੍ਹ/ਮਾਲੇਰਕੋਟਲਾ: ਗੁਰੂਆਂ-ਪੀਰਾਂ ਦੀ ਧਰਤੀ ਦੇ ਆਬੋ-ਹਵਾ ਨੂੰ ਪਲੀਤ ਹੋਣ ਤੋਂ ਬਚਾਉਣਾ ਕੇਵਲ ਪ੍ਰਸ਼ਾਸਨਿਕ ਫ਼ਰਜ਼ ਨਹੀਂ, ਸਗੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਨੈਤਿਕ ਜਵਾਬਦੇਹੀ ਹੈ। ਇਸੇ ਸੁਨੇਹੇ ਨੂੰ ਕਿਸਾਨਾਂ ਦੇ ਬੂਹਿਆਂ ਤੋਂ ਅੱਗੇ ਖੇਤਾਂ ਦੀਆਂ ਵੱਟਾਂ ਤੱਕ ਪਹੁੰਚਾਉਣ ਲਈ ਐਸ.ਐਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਮਾਲੇਰਕੋਟਲਾ ਪੁਲਿਸ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਡੀ.ਐਸ.ਪੀ. ਅਮਰਗੜ੍ਹ ਸੰਜੀਵ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਚ.ਓ. ਅਮਰਗੜ ਇੰਸਪੈਕਟਰ ਹਰਜਿੰਦਰ ਸਿੰਘ ਨੇ ਪਿੰਡ ਦੌਲਤਪੁਰ ਛੰਨਾ ਵਿਖੇ ਅਗਾਂਹਵਧੂ ਕਿਸਾਨ ਸੁਖਬੀਰ ਸਿੰਘ ਦੇ ਖੇਤਾਂ ਵਿੱਚ ਪਹੁੰਚ ਕੇ ਕਿਸਾਨਾਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਵਿਚਾਰ ਸਾਂਝੇ ਕੀਤੇ।

              ਇਸ ਮੌਕੇ ਹਰਜਿੰਦਰ ਸਿੰਘ ਨੇ ਕਿਹਾ ਕਿ ਜਿਸ ਮਿੱਟੀ ਨੇ ਸਾਡੀਆਂ ਪੀੜ੍ਹੀਆਂ ਦਾ ਪੇਟ ਭਰਿਆ, ਉਸ ਦੀ ਉਪਜਾਊ ਸ਼ਕਤੀ ਅਤੇ ਜੀਵਨਦਾਇਕ ਹਵਾ ਨੂੰ ਸੰਭਾਲਣਾ ਸਾਡਾ ਸਾਂਝਾ ਧਰਮ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀਆਂ ਆਧੁਨਿਕ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਵਾਤਾਵਰਣ ਦੀ ਸੁਰੱਖਿਆ ਲਈ ਸਾਂਝੇ ਉਪਰਾਲੇ ਜ਼ਰੂਰੀ ਹਨ, ਉੱਥੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਮਾਲੇਰਕੋਟਲਾ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਦਾ ਸਹਿਯੋਗ ਕਰਨਾ ਵੀ ਹਰੇਕ ਨਾਗਰਿਕ ਦੀ ਸਮਾਜਿਕ ਜ਼ਿੰਮੇਵਾਰੀ ਹੈ।

         ਅਗਾਂਹਵਧੂ ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿਛਲੇ ਲੰਮੇ ਸਮੇਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਉਨ੍ਹਾਂ ਕਿਹਾ ਕਿ ਮਸ਼ੀਨਰੀ ਰਾਹੀਂ ਪਰਾਲੀ ਦਾ ਪ੍ਰਬੰਧਨ ਕਰਨ ਨਾਲ ਮਿੱਟੀ ਦੇ ਮਿੱਤਰ ਕੀੜੇ ਸੁਰੱਖਿਅਤ ਰਹਿੰਦੇ ਹਨ, ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ ਅਤੇ ਪਰਾਲੀ ਦੀਆਂ ਗੱਠਾਂ ਤੋਂ ਆਮਦਨ ਦੇ ਮੌਕੇ ਵੀ ਬਣਦੇ ਹਨ।

          ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਖੇਤਾਂ ਵਿੱਚ ਅੱਗ ਦੀਆਂ ਲਪਟਾਂ ਦੀ ਥਾਂ ਜ਼ਿੰਮੇਵਾਰ ਖੇਤੀ ਦੀ ਮਿਸਾਲ ਕਾਇਮ ਕਰੀਏ, ਤਾਂ ਜੋ ਸਾਡੀ ਧਰਤੀ ਵੀ ਸਾਹ ਲੈ ਸਕੇ ਅਤੇ ਆਉਣ ਵਾਲੀਆਂ ਨਸਲਾਂ ਵੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments