Home World News ਅਮਰੀਕਾ ਨੇ ਪਾਕਿਸਤਾਨ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਚੇਤਾਵਨੀ

ਅਮਰੀਕਾ ਨੇ ਪਾਕਿਸਤਾਨ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਚੇਤਾਵਨੀ

0
55

ਵਾਸ਼ਿੰਗਟਨ/ਇਸਲਾਮਾਬਾਦ : ਅਮਰੀਕਾ ਨੇ ਪਾਕਿਸਤਾਨ ਵਿੱਚ ਖਰਾਬ ਹੋ ਰਹੇ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਲਈ ਕੜੀ ਯਾਤਰਾ ਚੇਤਾਵਨੀ ਜਾਰੀ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਤਾਜ਼ਾ ਐਡਵਾਈਜ਼ਰੀ ਅਨੁਸਾਰ ਪਾਕਿਸਤਾਨ ਨੂੰ ‘ਲੈਵਲ-3 ਯਾਤਰਾ ’ਤੇ ਮੁੜ ਵਿਚਾਰ ਕਰੋ’ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਅੱਤਵਾਦ, ਅਗਵਾ ਅਤੇ ਹਿੰਸਕ ਅਪਰਾਧਾਂ ਦਾ ਖ਼ਤਰਾ ਕਾਫ਼ੀ ਵਧ ਚੁੱਕਾ ਹੈ।

ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਅੱਤਵਾਦੀ ਹਮਲੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਹੋ ਸਕਦੇ ਹਨ। ਐਡਵਾਈਜ਼ਰੀ ਵਿੱਚ ਦਰਸਾਇਆ ਗਿਆ ਹੈ ਕਿ ਜਨਤਕ ਸਥਾਨਾਂ ਜਿਵੇਂ ਹਵਾਈ ਅੱਡੇ, ਰੇਲਵੇ ਸਟੇਸ਼ਨ, ਹੋਟਲ, ਬਾਜ਼ਾਰ ਅਤੇ ਸ਼ਾਪਿੰਗ ਮਾਲ-ਸਹਿਤ ਸਰਕਾਰੀ ਇਮਾਰਤਾਂ, ਸਕੂਲ, ਹਸਪਤਾਲ ਅਤੇ ਧਾਰਮਿਕ ਸਥਾਨ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹੋ ਸਕਦੇ ਹਨ। ਇਸ ਤੋਂ ਇਲਾਵਾ ਫੌਜੀ ਅਤੇ ਸੁਰੱਖਿਆ ਸਥਾਪਨਾਵਾਂ ਨੂੰ ਵੀ ਉੱਚ ਖ਼ਤਰੇ ਵਾਲੀਆਂ ਥਾਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਐਡਵਾਈਜ਼ਰੀ ਅਨੁਸਾਰ ਪਾਕਿਸਤਾਨ ਦੇ ਕੁਝ ਖੇਤਰਾਂ, ਖਾਸ ਕਰਕੇ ਖ਼ੈਬਰ ਪਖ਼ਤੂਨਖਵਾ, ਲਈ ਸਭ ਤੋਂ ਉੱਚੀ ਚਿਤਾਵਨੀ ‘ਲੈਵਲ-4: ਯਾਤਰਾ ਨਾ ਕਰੋ’ ਜਾਰੀ ਕੀਤੀ ਗਈ ਹੈ। ਇਨ੍ਹਾਂ ਇਲਾਕਿਆਂ ਵਿੱਚ ਕਤਲ, ਅਗਵਾ ਅਤੇ ਹਿੰਸਕ ਘਟਨਾਵਾਂ ਦੇ ਮਾਮਲੇ ਆਮ ਦੱਸੇ ਗਏ ਹਨ, ਜਿਸ ਕਾਰਨ ਅਮਰੀਕੀ ਨਾਗਰਿਕਾਂ ਨੂੰ ਉੱਥੇ ਜਾਣ ਤੋਂ ਸਖ਼ਤ ਤੌਰ ’ਤੇ ਮਨ੍ਹਾਂ ਕੀਤਾ ਗਿਆ ਹੈ।

ਅਮਰੀਕੀ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਇਹ ਚਿਤਾਵਨੀ ਸਾਰੇ ਅਮਰੀਕੀ ਨਾਗਰਿਕਾਂ ’ਤੇ ਬਰਾਬਰ ਲਾਗੂ ਹੁੰਦੀ ਹੈ, ਭਾਵੇਂ ਉਹ ਪਾਕਿਸਤਾਨੀ ਮੂਲ ਦੇ ਹੀ ਕਿਉਂ ਨਾ ਹੋਣ। ਵਿਭਾਗ ਨੇ ਕਿਹਾ ਹੈ ਕਿ ਅਜਿਹੇ ਖੇਤਰਾਂ ਵਿੱਚ ਯਾਤਰਾ ਕਰਨ ਨਾਲ ਉਨ੍ਹਾਂ ਦੀ ਜਾਨ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ।

ਅਧਿਕਾਰੀਆਂ ਮੁਤਾਬਕ ਇਹ ਕਦਮ ਪਾਕਿਸਤਾਨ ਵਿੱਚ ਹਾਲੀਆ ਸਮੇਂ ਦੌਰਾਨ ਵਧੀਆਂ ਹਿੰਸਕ ਗਤੀਵਿਧੀਆਂ ਅਤੇ ਅਸਥਿਰ ਸੁਰੱਖਿਆ ਹਾਲਾਤਾਂ ਨੂੰ ਦੇਖਦਿਆਂ ਚੁੱਕਿਆ ਗਿਆ ਹੈ।

LEAVE A REPLY

Please enter your comment!
Please enter your name here