Friday, July 17, 2026
Home World News ਅਮਰੀਕਾ-ਈਰਾਨ ਟਕਰਾਅ ਹੋਇਆ ਹੋਰ ਭਿਆਨਕ

ਅਮਰੀਕਾ-ਈਰਾਨ ਟਕਰਾਅ ਹੋਇਆ ਹੋਰ ਭਿਆਨਕ

0
3

ਵਾਸ਼ਿੰਗਟਨ/ਤੇਹਰਾਨ: ਮੱਧ ਪੂਰਬ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਿਹਾ ਫੌਜੀ ਟਕਰਾਅ ਹੋਰ ਗੰਭੀਰ ਹੋ ਗਿਆ ਹੈ। ਈਰਾਨੀ ਸਰਕਾਰੀ ਮੀਡੀਆ ਅਨੁਸਾਰ ਅਮਰੀਕੀ ਫੌਜ ਨੇ ਲਗਾਤਾਰ ਛੇਵੀਂ ਰਾਤ ਬੰਦਰ ਅੱਬਾਸ ਖੇਤਰ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲ ਹਮਲੇ ਕੀਤੇ। ਇਨ੍ਹਾਂ ਹਮਲਿਆਂ ਕਾਰਨ ਆਵਾਜਾਈ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ।

ਈਰਾਨੀ ਮੀਡੀਆ ਮੁਤਾਬਕ ਬੰਦਰ ਅੱਬਾਸ ਹਵਾਈ ਅੱਡੇ ਨੇੜੇ ਕਈ ਧਮਾਕਿਆਂ ਦੀ ਆਵਾਜ਼ ਸੁਣੀ ਗਈ, ਜਦਕਿ ਰੇਲਵੇ ਜੰਕਸ਼ਨ ‘ਤੇ ਹੋਏ ਹਮਲੇ ਵਿੱਚ ਦੋ ਲੋਕ ਜ਼ਖ਼ਮੀ ਹੋਏ ਹਨ। ਹੋਰਮੋਜ਼ਗਨ ਸੂਬੇ ਵਿੱਚ ਹੋਰਮੁਜ਼ ਜਲਡਮਰੂ ਨੇੜੇ ਦੋ ਪੁਲਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਦੋ ਲੋਕਾਂ ਦੀ ਮੌਤ ਅਤੇ ਚਾਰ ਹੋਰਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਮਰੀਕਾ ਨੇ ਇਨ੍ਹਾਂ ਹਮਲਿਆਂ ਬਾਰੇ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਜਾਂ ਬਿਆਨ ਜਾਰੀ ਨਹੀਂ ਕੀਤਾ।

ਇਸ ਟਕਰਾਅ ਦੀ ਪਿੱਠਭੂਮੀ ਵਿੱਚ ਹੋਰਮੁਜ਼ ਜਲਡਮਰੂ ਰਾਹੀਂ ਸਮੁੰਦਰੀ ਆਵਾਜਾਈ ‘ਤੇ ਵਧਦਾ ਤਣਾਅ ਦੱਸਿਆ ਜਾ ਰਿਹਾ ਹੈ। ਅਮਰੀਕੀ ਸੈਂਟਰਲ ਕਮਾਂਡ (CENTCOM) ਪਹਿਲਾਂ ਕਹਿ ਚੁੱਕੀ ਹੈ ਕਿ ਬੰਦਰ ਅੱਬਾਸ ਖੇਤਰ ਵਪਾਰਕ ਅਤੇ ਰਣਨੀਤਕ ਪੱਖੋਂ ਬਹੁਤ ਮਹੱਤਵਪੂਰਨ ਹੈ। ਦੂਜੇ ਪਾਸੇ, ਈਰਾਨ ਵੱਲੋਂ ਵੀ ਖਾੜੀ ਖੇਤਰ ਵਿੱਚ ਸਥਿਤ ਅਮਰੀਕੀ ਫੌਜੀ ਠਿਕਾਣਿਆਂ ‘ਤੇ ਜਵਾਬੀ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।

ਇਸੇ ਦੌਰਾਨ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਪ੍ਰੈਸ ਬ੍ਰੀਫਿੰਗ ਦੌਰਾਨ ਦਾਅਵਾ ਕੀਤਾ ਕਿ ਅਮਰੀਕੀ ਹਮਲਿਆਂ ਕਾਰਨ ਈਰਾਨ ਨੂੰ ਆਰਥਿਕ ਅਤੇ ਫੌਜੀ ਪੱਧਰ ‘ਤੇ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਈਰਾਨ ਗੁਪਤ ਕੂਟਨੀਤਿਕ ਚੈਨਲਾਂ ਰਾਹੀਂ ਗੱਲਬਾਤ ਲਈ ਤਿਆਰੀ ਦੇ ਸੰਕੇਤ ਦੇ ਰਿਹਾ ਹੈ। ਹਾਲਾਂਕਿ ਵ੍ਹਾਈਟ ਹਾਊਸ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਸੰਭਾਵਿਤ ਸਮਝੌਤੇ ਲਈ ਈਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਅਮਰੀਕੀ ਸ਼ਰਤਾਂ ਨੂੰ ਮੰਨਣਾ ਹੋਵੇਗਾ।

ਫਿਲਹਾਲ ਦੋਵੇਂ ਪੱਖਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਲਗਾਤਾਰ ਦਾਅਵੇ ਅਤੇ ਜਵਾਬੀ ਕਾਰਵਾਈਆਂ ਜਾਰੀ ਹਨ। ਮੈਦਾਨੀ ਸਥਿਤੀ ਬਾਰੇ ਸੁਤੰਤਰ ਤੌਰ ‘ਤੇ ਸਾਰੇ ਦਾਵਿਆਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਅਤੇ ਅੰਤਰਰਾਸ਼ਟਰੀ ਭਾਈਚਾਰਾ ਖੇਤਰ ਵਿੱਚ ਵਧਦੇ ਤਣਾਅ ‘ਤੇ ਨਜ਼ਰ ਬਣਾਈ ਹੋਈ ਹੈ।

LEAVE A REPLY

Please enter your comment!
Please enter your name here