ਅਮਰੀਕਾ: ਟਰੰਪ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਅਤੇ ਪੱਤਰਕਾਰਾਂ ਲਈ ਵੀਜ਼ਾ ਨਿਯਮ ਸਖ਼ਤ ਕਰਨ ਦੀ ਯੋਜਨਾ ਨੂੰ ਅਮਰੀਕੀ ਫੈਡਰਲ ਜੱਜ ਨੇ ਫਿਲਹਾਲ ਰੋਕ ਦਿੱਤਾ ਹੈ। ਜ਼ਿਲ੍ਹਾ ਜੱਜ ਡੈਨਿਸ ਸੇਲਰ ਨੇ ਨਵੇਂ ਨਿਯਮ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਇਹ ਹੁਕਮ ਜਾਰੀ ਕੀਤਾ।
ਨਵੇਂ ਨਿਯਮਾਂ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਚਾਰ ਸਾਲ ਲਈ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦੇਣ ਅਤੇ ਇਸ ਤੋਂ ਬਾਅਦ ਐਕਸਟੈਂਸ਼ਨ ਲੈਣ ਦੀ ਤਜਵੀਜ਼ ਸੀ। ਵਿਦੇਸ਼ੀ ਪੱਤਰਕਾਰਾਂ ਲਈ ਰਹਿਣ ਦੀ ਮਿਆਦ 240 ਦਿਨ, ਜਦਕਿ ਚੀਨੀ ਪੱਤਰਕਾਰਾਂ ਲਈ ਸਿਰਫ਼ 90 ਦਿਨ ਕਰਨ ਦੀ ਯੋਜਨਾ ਸੀ।
ਯੂਨੀਵਰਸਿਟੀਆਂ, ਅਧਿਆਪਕਾਂ ਅਤੇ ਪੱਤਰਕਾਰਾਂ ਦੇ ਸੰਗਠਨਾਂ ਨੇ ਇਨ੍ਹਾਂ ਪਾਬੰਦੀਆਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਜੱਜ ਨੇ ਨਿਯਮਾਂ ’ਤੇ ਅੰਤਿਮ ਫੈਸਲਾ ਦਿੱਤੇ ਬਿਨਾਂ ਇਨ੍ਹਾਂ ਦੀ ਲਾਗੂ ਕਰਨ ’ਤੇ ਰੋਕ ਲਗਾ ਦਿੱਤੀ ਅਤੇ ਅਗਲੀ ਸੁਣਵਾਈ 2 ਅਕਤੂਬਰ ਨੂੰ ਰੱਖੀ ਹੈ।
ਜੱਜ ਸੇਲਰ ਨੇ ਵੀਜ਼ਾ ਐਕਸਟੈਂਸ਼ਨ ਰੱਦ ਕਰਨ ਦੇ DHS ਦੇ ਪ੍ਰਸਤਾਵਿਤ ਅਧਿਕਾਰਾਂ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲਿਆਂ ਖ਼ਿਲਾਫ਼ ਅਪੀਲ ਦੀ ਗੁੰਜਾਇਸ਼ ਨਾ ਹੋਣ ਕਾਰਨ ਵਿਦੇਸ਼ੀ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਪੱਤਰਕਾਰਾਂ ’ਤੇ ਵੱਡਾ ਪ੍ਰਭਾਵ ਪੈ ਸਕਦਾ ਹੈ।
DHS ਨੇ ਇਨ੍ਹਾਂ ਪਾਬੰਦੀਆਂ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੋੜਿਆ ਸੀ, ਪਰ ਜੱਜ ਨੇ ਇਸ ਦਲੀਲ ’ਤੇ ਵੀ ਸਵਾਲ ਉਠਾਏ। 2023-24 ਵਿੱਚ ਅਮਰੀਕਾ ਵਿੱਚ 11 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਨ।






