Monday, August 17, 2026
Home World News ਰੂਸ ਦਾ ਯੂਕਰੇਨ ’ਚ ਵੱਡਾ ਮਿਜ਼ਾਈਲ ਹਮਲਾ, ਲਕਸ਼ਮੀ ਮਿੱਤਲ ਦੇ ਸਟੀਲ ਪਲਾਂਟ...

ਰੂਸ ਦਾ ਯੂਕਰੇਨ ’ਚ ਵੱਡਾ ਮਿਜ਼ਾਈਲ ਹਮਲਾ, ਲਕਸ਼ਮੀ ਮਿੱਤਲ ਦੇ ਸਟੀਲ ਪਲਾਂਟ ਨੂੰ ਵੀ ਬਣਾਇਆ ਨਿਸ਼ਾਨਾ

0
1

ਕੀਵ: ਰੂਸ ਵੱਲੋਂ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ’ਤੇ ਕੀਤੇ ਗਏ ਤਾਜ਼ਾ ਮਿਜ਼ਾਈਲ ਹਮਲਿਆਂ ਦੌਰਾਨ ਭਾਰਤੀ ਅਰਬਪਤੀ ਉਦਯੋਗਪਤੀ ਲਕਸ਼ਮੀ ਮਿੱਤਲ ਦੀ ਕੰਪਨੀ ਆਰਸੇਲਰ ਮਿੱਤਲ ਦੇ ਯੂਕਰੇਨ ਸਥਿਤ ਸਟੀਲ ਪਲਾਂਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਕ੍ਰਾਈਵੀ ਰਿਹ ਸ਼ਹਿਰ ਵਿੱਚ ਸਥਿਤ ਯੂਕਰੇਨ ਦੇ ਸਭ ਤੋਂ ਵੱਡੇ ਸਟੀਲ ਪਲਾਂਟ ’ਤੇ ਸ਼ਨੀਵਾਰ ਰਾਤ ਹੋਏ ਹਮਲੇ ਵਿੱਚ 2 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਹੈ, ਜਦਕਿ 13 ਕਾਮੇ ਅਤੇ ਠੇਕੇਦਾਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।

ਮਿਜ਼ਾਈਲ ਹਮਲੇ ਕਾਰਨ ਪਲਾਂਟ ਦੇ ਪਾਵਰ ਸਿਸਟਮ ਅਤੇ ਬਲਾਸਟ ਫਰਨੇਸਾਂ ਦੇ ਮੁੱਖ ਹਿੱਸਿਆਂ ਨੂੰ ਨੁਕਸਾਨ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ। ਹਮਲੇ ਤੋਂ ਬਾਅਦ ਕੰਪਨੀ ਨੇ ਸੁਰੱਖਿਆ ਕਾਰਨਾਂ ਕਰਕੇ ਪਲਾਂਟ ਵਿੱਚ ਉਤਪਾਦਨ ਕਾਰਜ ਅਸਥਾਈ ਤੌਰ ’ਤੇ ਰੋਕ ਦਿੱਤੇ ਹਨ। ਹਮਲੇ ਤੋਂ ਬਾਅਦ ਬਚਾਅ ਟੀਮਾਂ, ਅੱਗ ਬੁਝਾਊ ਦਸਤੇ ਅਤੇ ਮੈਡੀਕਲ ਕਰਮਚਾਰੀ ਰਾਹਤ ਤੇ ਬਚਾਅ ਕਾਰਜਾਂ ਵਿੱਚ ਜੁਟੇ ਰਹੇ।

ਇਹ ਸਟੀਲ ਪਲਾਂਟ ਸਾਲ 2005 ਵਿੱਚ ਲਕਸ਼ਮੀ ਮਿੱਤਲ ਦੀ ਕੰਪਨੀ ਵੱਲੋਂ ਖਰੀਦਿਆ ਗਿਆ ਸੀ ਅਤੇ ਯੂਕਰੇਨ ਦੀ ਉਦਯੋਗਿਕ ਤੇ ਆਰਥਿਕਤਾ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਹੈ। ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਵੀ ਇਹ ਪਲਾਂਟ ਕਈ ਵਾਰ ਹਮਲਿਆਂ ਦੀ ਲਪੇਟ ਵਿੱਚ ਆ ਚੁੱਕਾ ਹੈ। ਸਾਲ 2022 ਵਿੱਚ ਹੋਏ ਇੱਕ ਹਮਲੇ ਦੌਰਾਨ ਪਲਾਂਟ ਦੀ ਇੱਕ ਰੋਲਿੰਗ ਮਿੱਲ ਨੂੰ ਨੁਕਸਾਨ ਪਹੁੰਚਿਆ ਸੀ।

ਉੱਧਰ, ਯੂਕਰੇਨ ਨੇ ਵੀ ਰੂਸ ਦੇ ਵੱਖ-ਵੱਖ ਖੇਤਰਾਂ ਵਿੱਚ ਡਰੋਨ ਹਮਲੇ ਕੀਤੇ ਹਨ। ਰਿਪੋਰਟਾਂ ਮੁਤਾਬਕ ਮਾਸਕੋ ਖੇਤਰ ਵਿੱਚ ਹੋਏ ਯੂਕਰੇਨੀ ਡਰੋਨ ਹਮਲੇ ਵਿੱਚ ਇੱਕ 83 ਸਾਲਾ ਵਿਅਕਤੀ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਆਨਲਾਈਨ ਰਿਟੇਲ ਕੰਪਨੀ ‘ਵਾਈਲਡਬੇਰੀਜ਼’ ਦੇ ਇੱਕ ਵੱਡੇ ਗੋਦਾਮ ਵਿੱਚ ਅੱਗ ਲੱਗਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।

ਰੋਸਟੋਵ ਖੇਤਰ ਵਿੱਚ ਵੀ ਯੂਕਰੇਨੀ ਹਮਲਿਆਂ ਦੌਰਾਨ ਇੱਕ ਮਿਜ਼ਾਈਲ ਬਾਲਣ ਫੈਕਟਰੀ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਈ ਹੈ। ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਜੰਗ ਦੌਰਾਨ ਦੋਵੇਂ ਪਾਸਿਆਂ ਵੱਲੋਂ ਇੱਕ-ਦੂਜੇ ਦੇ ਫੌਜੀ ਅਤੇ ਉਦਯੋਗਿਕ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਜਾਰੀ ਹੈ।

LEAVE A REPLY

Please enter your comment!
Please enter your name here