Monday, August 17, 2026
Home Punjab Malerkotla ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ-4’ ਤਹਿਤ ਮਸ਼ਾਲ ਮਾਰਚ ਦਾ ਮਾਲੇਰਕੋਟਲਾ ਪੁੱਜਣ ’ਤੇ ਨਿੱਘਾ...

ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ-4’ ਤਹਿਤ ਮਸ਼ਾਲ ਮਾਰਚ ਦਾ ਮਾਲੇਰਕੋਟਲਾ ਪੁੱਜਣ ’ਤੇ ਨਿੱਘਾ ਸਵਾਗਤ

0
1
• ‘ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ-4’ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਦੀ ਮੁਹਿੰਮ ਦਾ ਮਜ਼ਬੂਤ ਮੰਚ: ਵਿਧਾਇਕ ਡਾ. ਜਮੀਲ ਉਰ ਰਹਿਮਾਨ

ਮਾਲੇਰਕੋਟਲਾ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ, ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ‘ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ-4’ ਇੱਕ ਮਹੱਤਵਪੂਰਨ ਪਹਿਲ ਹੈ। ਇਹ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਪਿਛਲੇ ਦਿਨੀਂ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਪੁੱਜੀ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਮਸ਼ਾਲ ਦਾ ਸਵਾਗਤ ਕਰਨ ਮੌਕੇ ਕੀਤਾ।
ਡਾ. ਜਮੀਲ ਉਰ ਰਹਿਮਾਨ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਖੇਡ ਪੱਖੀ ਨੀਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਮਿਹਨਤ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਨੂੰ ਮਜ਼ਬੂਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਮਸ਼ਾਲ ਨੌਜਵਾਨਾਂ ਵਿੱਚ ਨਵੀਂ ਊਰਜਾ ਅਤੇ ਜੋਸ਼ ਦਾ ਪ੍ਰਤੀਕ ਹੈ। ਖੇਡਾਂ ਪ੍ਰਤੀ ਵਧ ਰਹੀ ਰੁਚੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਡਾਂ ਨੂੰ ਆਪਣੀ ਰੋਜ਼ਾਨਾ ਜੀਵਨ-ਸ਼ੈਲੀ ਦਾ ਹਿੱਸਾ ਬਣਾਉਣ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ।
ਜ਼ਿਕਰਯੋਗ ਹੈ ਕਿ ਮਸ਼ਾਲ ਮਾਰਚ ਜ਼ਿਲ੍ਹਾ ਲੁਧਿਆਣਾ ਤੋਂ ਪੈਰਾ ਐਥਲੀਟ ਅਤੇ ਬਰਾਂਜ਼ ਮੈਡਲ ਜੇਤੂ ਮੁਹੰਮਦ ਯਾਮੀਨ ਸਮੇਤ ਸਪਰਸ਼ ਕੁਮਾਰ, ਅਮਨਦੀਪ ਸਿੰਘ, ਯਮਨਵੀਰ ਜਵੰਦਾ, ਮੁਹੰਮਦ ਮੁਰਤਜ਼ਾ ਹਨੀਫ, ਜੌਤੀ ਕੌਰ, ਨਵੀਲਾ ਅਤੇ ਸਾਹਿਲ ਵਰਗੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਵੱਲੋਂ ਲੈ ਕੇ ਮਾਲੇਰਕੋਟਲਾ ਪਹੁੰਚਾਈ ਗਈ। ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਇਸ ਦਾ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ ਅਤੇ ਸਰਕਾਰ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਸਰਕਾਰ ਵੱਲੋਂ ਖੇਡ ਮੈਦਾਨਾਂ, ਖੇਡ ਸਹੂਲਤਾਂ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਅਨੁਸਾਰ ‘ਖੇਡਾਂ ਵਤਨ ਪੰਜਾਬ ਦੀਆਂ’ ਸਿਰਫ਼ ਖੇਡ ਮੁਕਾਬਲਾ ਨਹੀਂ, ਸਗੋਂ ਤੰਦਰੁਸਤ, ਨਸ਼ਾ-ਮੁਕਤ ਅਤੇ ਸਮਰੱਥ ਪੰਜਾਬ ਦੀ ਨੀਂਹ ਮਜ਼ਬੂਤ ਕਰਨ ਵਾਲੀ ਲੋਕ-ਲਹਿਰ ਬਣ ਰਹੀ ਹੈ। ਉਨ੍ਹਾਂ ਸਮੂਹ ਖਿਡਾਰੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਤੱਕ ਲਿਜਾਣ ਦਾ ਸੱਦਾ ਦਿੱਤਾ।
ਇਸ ਮੌਕੇ ਮੁਹੰਮਦ ਅਸਲਮ, ਮੁਹੰਮਦ ਯਾਮਿਨ, ਮੁਹੰਮਦ ਮੌਨਿਸ ਰਹਿਮਾਨ, ਚੇਅਰਮੈਨ ਸੰਤੋਖ ਸਿੰਘ, ਟਰੱਕ ਯੂਨੀਅਨ ਪ੍ਰਧਾਨ ਚਰਨਜੀਤ ਸਿੰਘ ਚੀਮਾ, ਤਹਿਸੀਲਦਾਰ ਮਾਲੇਰਕੋਟਲਾ ਨਵਜੋਤ ਤਿਵਾਰੀ ਸਮੇਤ ਖੇਡ ਵਿਭਾਗ ਦੇ ਅਧਿਕਾਰੀ, ਕੋਚਿੰਗ ਸਟਾਫ, ਦਫ਼ਤਰੀ ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਖੇਡ ਪ੍ਰੇਮੀ ਮੌਜੂਦ ਸਨ

LEAVE A REPLY

Please enter your comment!
Please enter your name here