ਮੈਕਸੀਕੋ—ਮੈਕਸੀਕੋ ਦੇ ਸੁਰੱਖਿਆ ਮੰਤਰੀ ਉਮਰ ਗਾਰਸੀਆ ਹਾਰਫੂਚ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਦੇਸ਼ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹਾਂ ਦੇ 37 ਹੋਰ ਮੈਂਬਰਾਂ ਨੂੰ ਸੰਯੁਕਤ ਰਾਜ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ।
ਸੁਰੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਨਿਕਾਲੇ ਗਏ ਲੋਕ “ਵਹਿਸ਼ੀ ਅਪਰਾਧੀ ਸਨ ਅਤੇ ਦੇਸ਼ ਦੀ ਸੁਰੱਖਿਆ ਲਈ ਅਸਲ ਖ਼ਤਰਾ ਸਨ।” ਇਹ ਤੀਜੀ ਵਾਰ ਹੈ ਕਿ ਮੈਕਸੀਕੋ ਨੇ ਇੱਕ ਸਾਲ ਤੋਂ ਘੱਟ ਸਮੇਂ ਵਿੱਚ ਹਿਰਾਸਤ ਵਿੱਚ ਲਏ ਗਏ ਤਸਕਰਾਂ ਨੂੰ ਅਮਰੀਕਾ ਭੇਜਿਆ ਹੈ, ਜਦੋਂ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਰਹੱਦ ਪਾਰ ਤਸਕਰੀ ਦੇ ਨੈੱਟਵਰਕਾਂ ਵਿਰੁੱਧ ਕਾਰਵਾਈ ਤੇਜ਼ ਕਰਨ ਲਈ ਦਬਾਅ ਵਧਾਇਆ ਗਿਆ ਸੀ।
ਸੁਰੱਖਿਆ ਮੰਤਰੀ ਨੇ ਦੱਸਿਆ ਕਿ ਇਸ ਤੱਕ “ਕੁੱਲ 92 ਲੋਕਾਂ ਨੂੰ ਅਮਰੀਕਾ ਭੇਜਿਆ ਗਿਆ ਹੈ।” ਮੈਕਸੀਕੋ ਦੇ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਦਿਖਾਇਆ ਗਿਆ ਕਿ ਹੱਥਕੜੀਆਂ ਵਾਲੇ ਕੈਦੀ ਭਾਰੀ ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਨਾਲ ਘਿਰੇ ਹੋਏ ਮੈਕਸੀਕੋ ਸਿਟੀ ਦੇ ਬਾਹਰਵਾਰ ਹਵਾਈ ਅੱਡੇ ’ਤੇ ਫੌਜੀ ਜਹਾਜ਼ ਵਿੱਚ ਸਵਾਰ ਹੋ ਰਹੇ ਹਨ।
ਇਸ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਅਤੇ ਨਿਆਂ ਵਿਭਾਗ ਵੱਲੋਂ ਇਸ ਘਟਨਾ ’ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।







