ਬੀਜਿੰਗ: ਚੀਨ ਦੇ ਕਿੰਗਦਾਓ ਬੰਦਰਗਾਹ ’ਤੇ ਇੱਕ ਮਾਲਵਾਹਕ ਜਹਾਜ਼ ਵਿੱਚ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਹੈ, ਜਦਕਿ 5 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਹਾਦਸੇ ਸਮੇਂ ਜਹਾਜ਼ ’ਤੇ ਕੁੱਲ 42 ਲੋਕ ਮੌਜੂਦ ਸਨ। ਬਚਾਅ ਟੀਮਾਂ ਨੇ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ 5 ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜਹਾਜ਼ ਕਿੰਗਦਾਓ ਸ਼ਹਿਰ ਵਿੱਚ ਬੇਹਾਈ ਸ਼ਿਪਬਿਲਡਿੰਗ ਕੰਪਨੀ ਦੇ ਕੰਪਲੈਕਸ ਵਿੱਚ ਮੁਰੰਮਤ ਲਈ ਖੜ੍ਹਾ ਸੀ। ਚੀਨੀ ਸਰਕਾਰੀ ਮੀਡੀਆ ਮੁਤਾਬਕ ਜਹਾਜ਼ ਦੀ ਪਛਾਣ ‘ਓਸ਼ਨ ਮੈਲੋਡੀ’ ਵਜੋਂ ਹੋਈ ਹੈ ਅਤੇ ਇਹ ਲਾਈਬੇਰੀਆ ਦੇ ਝੰਡੇ ਹੇਠ ਰਜਿਸਟਰਡ ਸੀ।
ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 11 ਵਜੇ ਜਹਾਜ਼ ਵਿੱਚ ਅੱਗ ਲੱਗੀ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਰੀਬ 2:30 ਵਜੇ ਅੱਗ ’ਤੇ ਕਾਬੂ ਪਾਇਆ ਗਿਆ।
ਲਾਪਤਾ ਲੋਕਾਂ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਚਾਅ ਮੁਹਿੰਮ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਲੀ ਚਿਆਂਗ ਨੇ ਵੀ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਅਤੇ ਰਾਹਤ ਕਾਰਜਾਂ ਨੂੰ ਤਰਜੀਹ ਦੇਣ ਲਈ ਕਿਹਾ ਹੈ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅਧਿਕਾਰੀ ਹਾਦਸੇ ਦੀ ਜਾਂਚ ਕਰ ਰਹੇ ਹਨ ਅਤੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।






