
ਨਿਊਯਾਰਕ ਪੋਸਟ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਈਰਾਨ ਦੀ ਕਥਿਤ ‘ਹਿੱਟ ਲਿਸਟ’ ਵਿੱਚ ਸਭ ਤੋਂ ਉੱਪਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਖ਼ੁਦ ਆਪਣੇ ਖ਼ਿਲਾਫ਼ ਸਾਹਮਣੇ ਆਈਆਂ ਧਮਕੀਆਂ ਅਤੇ ਹੱਤਿਆ ਦੀਆਂ ਸਾਜ਼ਿਸ਼ਾਂ ਨਾਲ ਜੁੜੀ ਜਾਣਕਾਰੀ ਦੀ ਸਮੀਖਿਆ ਕਰ ਚੁੱਕੇ ਹਨ। ਟਰੰਪ ਨੇ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਨਾਲ ਕੁਝ ਵੀ ਵਾਪਰਦਾ ਹੈ ਤਾਂ ਅਮਰੀਕਾ ਵੱਲੋਂ ਈਰਾਨ ਖ਼ਿਲਾਫ਼ ਬੇਮਿਸਾਲ ਅਤੇ ਵਿਨਾਸ਼ਕਾਰੀ ਜਵਾਬੀ ਕਾਰਵਾਈ ਕੀਤੀ ਜਾਵੇਗੀ।
ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇਜ਼ਰਾਈਲੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਈਰਾਨ ਨਾਲ ਜੁੜੀ ਇੱਕ ਨਵੀਂ ਕਥਿਤ ਹੱਤਿਆ ਸਾਜ਼ਿਸ਼ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਦਾਅਵਾ ਕੀਤਾ ਗਿਆ ਹੈ ਕਿ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਵੱਲੋਂ ਟਰੰਪ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਹਾਲਾਂਕਿ ਇਸ ਕਥਿਤ ਸਾਜ਼ਿਸ਼ ਨਾਲ ਜੁੜੇ ਸਾਰੇ ਵੇਰਵਿਆਂ ਦੀ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।
ਅਮਰੀਕਾ ਅਤੇ ਈਰਾਨ ਵਿਚਾਲੇ ਵਧ ਰਹੇ ਤਣਾਅ ਦੇ ਪਿੱਛੇ ਸਾਲ 2020 ਵਿੱਚ ਈਰਾਨ ਦੇ ਸੀਨੀਅਰ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਨੂੰ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਸੁਲੇਮਾਨੀ ਅਮਰੀਕੀ ਹਵਾਈ ਹਮਲੇ ਵਿੱਚ ਮਾਰੇ ਗਏ ਸਨ ਅਤੇ ਇਸ ਕਾਰਵਾਈ ਨੂੰ ਉਸ ਸਮੇਂ ਟਰੰਪ ਨੇ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਈਰਾਨ ਵੱਲੋਂ ਕਈ ਵਾਰ ਬਦਲਾ ਲੈਣ ਦੀਆਂ ਚੇਤਾਵਨੀਆਂ ਦਿੱਤੀਆਂ ਗਈਆਂ।
ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਲੀ ਖਮੇਨੀ ਦੇ ਅੰਤਿਮ ਸੰਸਕਾਰ ਦੌਰਾਨ ਵੀ ਟਰੰਪ ਵਿਰੋਧੀ ਨਾਅਰੇ ਅਤੇ ਬੈਨਰ ਦੇਖੇ ਗਏ ਸਨ। ਕੁਝ ਕੱਟੜਪੰਥੀ ਸਮਰਥਕਾਂ ਵੱਲੋਂ ਟਰੰਪ ਨੂੰ ਨਿਸ਼ਾਨਾ ਬਣਾਉਣ ਦੀਆਂ ਖੁੱਲ੍ਹੀਆਂ ਧਮਕੀਆਂ ਦਿੱਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ।
ਟਰੰਪ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਅਮਰੀਕਾ ਈਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਸਿੱਧੀ ਜੰਗ ਹੁੰਦੀ ਹੈ ਤਾਂ ਇਹ ਭਾਵੇਂ ਛੋਟੀ ਹੋਵੇ, ਪਰ ਬੇਹੱਦ ਘਾਤਕ ਸਾਬਤ ਹੋ ਸਕਦੀ ਹੈ। ਦੂਜੇ ਪਾਸੇ ਵਧਦੇ ਤਣਾਅ ਦੇ ਬਾਵਜੂਦ ਅਮਰੀਕਾ ਅਤੇ ਈਰਾਨ ਵਿਚਾਲੇ ਗੱਲਬਾਤ ਜਾਰੀ ਰੱਖਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।






