ਬਰਲਿਨ: ਯੂਰਪ ਇਸ ਸਾਲ ਭਿਆਨਕ ਹੀਟਵੇਵ ਦੀ ਚਪੇਟ ਵਿੱਚ ਹੈ ਅਤੇ ਇਸ ਦਾ ਸਭ ਤੋਂ ਵੱਡਾ ਅਸਰ ਜਰਮਨੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਰਮਨ ਸਿਹਤ ਅਥਾਰਟੀ ਰਾਬਰਟ ਕੋਚ ਇੰਸਟੀਚਿਊਟ (RKI) ਦੀ ਹਫ਼ਤਾਵਾਰੀ ਰਿਪੋਰਟ ਮੁਤਾਬਕ, ਇਸ ਸਾਲ ਹੁਣ ਤੱਕ ਗਰਮੀ ਨਾਲ ਸਬੰਧਤ ਕਾਰਨਾਂ ਕਰਕੇ ਅੰਦਾਜ਼ਨ 9,800 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਖੇਤਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਵੱਧ ਜਾਣ ਦੀ ਸੰਭਾਵਨਾ ਜਤਾਈ ਗਈ ਹੈ।
ਰਿਪੋਰਟ ਅਨੁਸਾਰ, ਗਰਮੀ ਕਾਰਨ ਹੋਈਆਂ ਮੌਤਾਂ ਵਿੱਚ ਸਭ ਤੋਂ ਵੱਧ ਪ੍ਰਭਾਵ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ‘ਤੇ ਪਿਆ ਹੈ। ਇਸ ਉਮਰ ਵਰਗ ਵਿੱਚ 5,420 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦਕਿ 65 ਸਾਲ ਤੋਂ ਘੱਟ ਉਮਰ ਦੇ 630 ਲੋਕਾਂ ਦੀ ਵੀ ਗਰਮੀ ਨਾਲ ਜਾਨ ਗਈ ਹੈ।
ਆਰਕੇਆਈ ਦਾ ਕਹਿਣਾ ਹੈ ਕਿ ਜਦੋਂ ਔਸਤ ਹਫ਼ਤਾਵਾਰੀ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਮੌਤ ਦਰ ਵਿੱਚ ਸਪੱਸ਼ਟ ਵਾਧਾ ਦੇਖਣ ਨੂੰ ਮਿਲਦਾ ਹੈ। ਭਿਆਨਕ ਗਰਮੀ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ, ਸਕੂਲ ਬੰਦ ਕਰਨ ਪਏ ਅਤੇ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।






