Google search engine
HomePunjabਰਾਮਪੁਰਾ ਫੂਲ ਦੇ ਪਿੰਡ ਫੂਲੇਵਾਲਾ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਤਣਾਅ ਦਾ...

ਰਾਮਪੁਰਾ ਫੂਲ ਦੇ ਪਿੰਡ ਫੂਲੇਵਾਲਾ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਤਣਾਅ ਦਾ ਮਾਹੌਲ

ਰਾਮਪੁਰਾ ਫੂਲ: ਪੰਜਾਬ ਦੇ ਰਾਮਪੁਰਾ ਫੂਲ ਇਲਾਕੇ ਦੇ ਪਿੰਡ ਫੂਲੇਵਾਲਾ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਇੱਕ ਗੰਭੀਰ ਘਟਨਾ ਸਾਹਮਣੇ ਆਉਣ ਨਾਲ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਹੈ। ਸ਼ਰਾਰਤੀ ਅਨਸਰਾਂ ਵੱਲੋਂ ਭਗਤ ਰਵਿਦਾਸ ਜੀ ਦੀਆਂ ਬਾਣੀਆਂ ਵਾਲੇ ਪੰਨੇ ਪਾੜ ਕੇ ਬੱਸ ਅੱਡੇ ਦੇ ਨੇੜੇ ਸੁੱਟੇ ਜਾਣ ਦੀ ਘਟਨਾ ਨੇ ਪਿੰਡ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ।

ਜਾਣਕਾਰੀ ਮੁਤਾਬਕ, ਸਵੇਰੇ ਸਮੇਂ ਪਿੰਡ ਵਾਸੀਆਂ ਨੂੰ ਬੱਸ ਅੱਡੇ ਦੇ ਨੇੜੇ ਧਾਰਮਿਕ ਕਿਤਾਬਾਂ ਦੇ ਫਟੇ ਹੋਏ ਪੰਨੇ ਪਏ ਮਿਲੇ। ਜਦੋਂ ਇਨ੍ਹਾਂ ਪੰਨਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਪੰਨੇ ਭਗਤ ਰਵਿਦਾਸ ਜੀ ਦੀਆਂ ਪਵਿੱਤਰ ਬਾਣੀਆਂ ਨਾਲ ਸਬੰਧਤ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਵਿੱਚ ਰੋਸ ਫੈਲ ਗਿਆ ਅਤੇ ਤੁਰੰਤ ਪੁਲਿਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਜਾਣਕਾਰੀ ਦਿੱਤੀ ਗਈ।

ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ ਧਨੌਲਾ ਆਪਣੀ ਟੀਮ ਸਮੇਤ ਪਿੰਡ ਫੂਲੇਵਾਲਾ ਪਹੁੰਚੇ। ਉਨ੍ਹਾਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਸਪਸ਼ਟ ਕੀਤਾ ਕਿ ਸੁੱਟੇ ਗਏ ਪੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਾ ਸਾਹਿਬ ਦੇ ਨਹੀਂ ਸਨ, ਸਗੋਂ ਭਗਤ ਰਵਿਦਾਸ ਜੀ ਦੀਆਂ ਬਾਣੀਆਂ ਨਾਲ ਸਬੰਧਤ ਸਨ। ਜਥੇਦਾਰ ਨੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਵਿੱਚ ਨਫ਼ਰਤ ਅਤੇ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਹਨ।

ਉੱਧਰ, ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਫੂਲ ਪੁਲਿਸ ਸਟੇਸ਼ਨ ਵੱਲੋਂ ਅਣਪਛਾਤੇ ਸ਼ੱਕੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ।

ਫਿਲਹਾਲ ਪਿੰਡ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਅਤੇ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments