Monday, August 24, 2026
Home Punjab “ਅੰਮ੍ਰਿਤਸਰ ‘ਚ ਟ੍ਰਾਈਡੈਂਟ ਹੋਟਲ ਪ੍ਰੋਜੈਕਟ, 400 ਕਰੋੜ ਦਾ ਨਿਵੇਸ਼, ਸੈਰ-ਸਪਾਟੇ ਨੂੰ ਮਿਲੇਗਾ...

“ਅੰਮ੍ਰਿਤਸਰ ‘ਚ ਟ੍ਰਾਈਡੈਂਟ ਹੋਟਲ ਪ੍ਰੋਜੈਕਟ, 400 ਕਰੋੜ ਦਾ ਨਿਵੇਸ਼, ਸੈਰ-ਸਪਾਟੇ ਨੂੰ ਮਿਲੇਗਾ ਵੱਡਾ ਹੁਲਾਰਾ”

0
59

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਦੱਸਿਆ ਕਿ ਓਬਰੋਏ ਗਰੁੱਪ ਅਤੇ ਸਪਰੀਂਗੈਜ਼ ਸਾਲਿਊਸ਼ਨ ਪ੍ਰਾਈਵੇਟ ਲਿਮਟਿਡ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਵਿਸ਼ਵ ਪੱਧਰੀ ਪ੍ਰਾਹੁਣਚਾਰੀ ਪ੍ਰੋਜੈਕਟ ਲਈ ਐਮ.ਓ.ਯੂ. ‘ਤੇ ਹਸਤਾਖਰ ਕੀਤੇ ਗਏ ਹਨ, ਜਿਸ ਨਾਲ ਪੰਜਾਬ ਦੇ ਸੈਰ-ਸਪਾਟਾ ਖੇਤਰ ਨੂੰ ਵੱਡਾ ਬੂਸਟ ਮਿਲਣ ਦੀ ਉਮੀਦ ਹੈ। ਇਸ ਮੌਕੇ ਦੋਵਾਂ ਧਿਰਾਂ ਦੇ ਸੀਨੀਅਰ ਅਧਿਕਾਰੀਆਂ ਸਮੇਤ ਆਰ.ਸ਼ੰਕਰ ਅਤੇ ਸ਼ਾਹਬਾਜ਼ ਸਿੰਘ ਆਦਿ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਇਹ 150 ਕਮਰਿਆਂ ਵਾਲਾ ਪ੍ਰੋਜੈਕਟ ਟ੍ਰਾਈਡੈਂਟ ਹੋਟਲਸ ਦੇ ਤਹਿਤ ਤਿਆਰ ਕੀਤਾ ਜਾਵੇਗਾ ਅਤੇ ਇਹ ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਕਰੀਬ 3 ਕਿਲੋਮੀਟਰ ਦੂਰ ਸਥਿਤ ਹੋਵੇਗਾ। ਲਗਭਗ 3 ਏਕੜ ਵਿੱਚ ਫੈਲੇ ਇਸ ਪ੍ਰੋਜੈਕਟ ‘ਚ ਤਕਰੀਬਨ 400 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਇਸ ਨਾਲ ਪ੍ਰੀਮੀਅਮ ਪ੍ਰਾਹੁਣਚਾਰੀ ਢਾਂਚੇ ਨੂੰ ਵੱਡੀ ਮਜ਼ਬੂਤੀ ਮਿਲੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਕਰੀਬ 350 ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਿਸ ਨਾਲ ਸਥਾਨਕ ਆਰਥਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ।

ਇਹ ਪ੍ਰੋਜੈਕਟ ਓਬਰਾਏ ਗਰੁੱਪ ਦੀ ਵਿਸ਼ਵ ਪੱਧਰੀ ਮਹਾਰਤ ਅਤੇ ਸਪ੍ਰਿੰਗਐਜ ਦੀ ਸਥਾਨਕ ਮੌਜੂਦਗੀ ਦੇ ਸਾਂਝੇ ਸਹਿਯੋਗ ਨਾਲ ਵਿਕਸਤ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਟ੍ਰਾਈਡੈਂਟ ਬ੍ਰਾਂਡ ਤਹਿਤ ਪਹਿਲਾ ਹੋਟਲ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵੇਲੇ ਓਬਰਾਏ ਗਰੁੱਪ ਦੇ ਦੇਸ਼ ਭਰ ਵਿੱਚ 32 ਹੋਟਲ ਚੱਲ ਰਹੇ ਹਨ ਅਤੇ 10 ਹੋਰ ਬਣ ਰਹੇ ਹਨ, ਜਦਕਿ ਟ੍ਰਾਈਡੈਂਟ ਬ੍ਰਾਂਡ ਹੇਠ 9 ਹੋਟਲ ਪਹਿਲਾਂ ਹੀ ਚੱਲ ਰਹੇ ਹਨ। ਇਹ ਪ੍ਰੋਜੈਕਟ ਜੁਲਾਈ 2026 ਵਿੱਚ ਸ਼ੁਰੂ ਹੋਣ ਅਤੇ ਮਾਰਚ 2029 ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਪੰਜਾਬ ਸਰਕਾਰ ਦੇ Invest Punjab ਨੇ ਇਸ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਪਿਛਲੇ ਡੇਢ ਸਾਲ ਤੋਂ ਦੋਵਾਂ ਧਿਰਾਂ ਨੂੰ ਇਕੱਠਾ ਲਿਆਉਣ ਲਈ ਕੰਮ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਸਾਲ 2025-26 ਵਿੱਚ ਪੰਜਾਬ ਨੇ 59,448 ਕਰੋੜ ਦੇ ਨਿਵੇਸ਼ ਆਕਰਸ਼ਿਤ ਕੀਤੇ ਹਨ, ਜਿਸ ਨਾਲ 1,33,221 ਨੌਕਰੀਆਂ ਦੀ ਸੰਭਾਵਨਾ ਹੈ, ਜਦਕਿ 2022 ਤੋਂ ਹੁਣ ਤੱਕ 1,59,947 ਕਰੋੜ ਦੇ ਨਿਵੇਸ਼ ਨਾਲ 5,57,664 ਨੌਕਰੀਆਂ ਦੀ ਸੰਭਾਵਨਾ ਬਣੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਨੂੰ ਪ੍ਰੀਮੀਅਮ ਸੈਰ-ਸਪਾਟਾ ਅਤੇ ਨਿਵੇਸ਼ ਲਈ ਇੱਕ ਅਹਿਮ ਕੇਂਦਰ ਵਜੋਂ ਹੋਰ ਮਜ਼ਬੂਤ ਕਰੇਗਾ ਅਤੇ ਅੰਮ੍ਰਿਤਸਰ ਦੀ ਵਿਸ਼ਵ ਪੱਧਰੀ ਸੱਭਿਆਚਾਰਕ ਅਤੇ ਅਧਿਆਤਮਿਕ ਪਹਿਚਾਣ ਨੂੰ ਵੀ ਨਵੀਂ ਉਚਾਈਆਂ ‘ਤੇ ਲੈ ਕੇ ਜਾਵੇਗਾ।

LEAVE A REPLY

Please enter your comment!
Please enter your name here