Monday, August 24, 2026
Home Punjab “ਸ਼੍ਰੋਮਣੀ ਕਮੇਟੀ ਦਾ 1487 ਕਰੋੜ ਤੋਂ ਵੱਧ ਦਾ ਬਜਟ ਪਾਸ, ਧਰਮ ਪ੍ਰਚਾਰ,...

“ਸ਼੍ਰੋਮਣੀ ਕਮੇਟੀ ਦਾ 1487 ਕਰੋੜ ਤੋਂ ਵੱਧ ਦਾ ਬਜਟ ਪਾਸ, ਧਰਮ ਪ੍ਰਚਾਰ, ਸਿੱਖਿਆ ਤੇ ਸਹੂਲਤਾਂ ‘ਤੇ ਖ਼ਾਸ ਧਿਆਨ”

0
50

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਵਿੱਤੀ ਵਰ੍ਹੇ 2026-27 ਲਈ 1487 ਕਰੋੜ 41 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਕੀਤਾ ਗਿਆ। ਇਹ ਬਜਟ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਏ ਇਜਲਾਸ ਦੌਰਾਨ ਪਾਸ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਧਾਮੀ ਨੇ ਕੀਤੀ, ਜਦਕਿ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਬਜਟ ਪੇਸ਼ ਕੀਤਾ। ਇਸ ਸਾਲ ਦੇ ਬਜਟ ਵਿੱਚ ਪਿਛਲੇ ਸਾਲ ਦੇ ਮੁਕਾਬਲੇ 7.28 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਵੱਖ-ਵੱਖ ਧਾਰਮਿਕ, ਵਿਦਿਅਕ ਅਤੇ ਸਮਾਜਿਕ ਕਾਰਜਾਂ ਲਈ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ।

ਬਜਟ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਨਵੀਆਂ ਸਰਾਵਾਂ ਦੀ ਉਸਾਰੀ ਲਈ 33 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ, ਜਦਕਿ ਧਰਮ ਪ੍ਰਚਾਰ ਕਮੇਟੀ ਲਈ 120 ਕਰੋੜ ਅਤੇ ਗੁਰਦੁਆਰਾ ਸਾਹਿਬਾਨ ਲਈ 1127 ਕਰੋੜ 34 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸਦੇ ਨਾਲ ਹੀ ਪੰਥਕ ਭਲਾਈ ਕਾਰਜਾਂ ਲਈ 7 ਕਰੋੜ 61 ਲੱਖ ਰੁਪਏ ਰੱਖੇ ਗਏ ਹਨ, ਜਿਸ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੀ ਸਹਾਇਤਾ, ਜੇਲ੍ਹਾਂ ਵਿੱਚ ਬੰਦ ਸਿੰਘਾਂ ਦੇ ਕੇਸਾਂ ਦੀ ਪੈਰਵਾਈ, ਪੈਨਸ਼ਨਾਂ ਅਤੇ ਸਮਾਜਿਕ ਸਹਾਇਤਾ ਸ਼ਾਮਲ ਹੈ। ਸਿੱਖ ਬੱਚਿਆਂ ਦੀ ਮੁਫਤ ਸਿੱਖਿਆ ਲਈ 12 ਕਰੋੜ 50 ਲੱਖ ਰੁਪਏ ਰਾਖਵੇਂ ਕੀਤੇ ਗਏ ਹਨ, ਜਿਸ ਵਿੱਚ ਅੰਮ੍ਰਿਤਧਾਰੀ ਵਿਦਿਆਰਥੀਆਂ ਦੀ ਫੀਸ, ਗਰੀਬ ਵਿਦਿਆਰਥੀਆਂ ਦੀ ਮਦਦ ਅਤੇ ਮੁਕਾਬਲਾਤੀ ਪ੍ਰੀਖਿਆਵਾਂ ਲਈ ਤਿਆਰੀ ਦਾ ਪ੍ਰਬੰਧ ਸ਼ਾਮਲ ਹੈ।

ਇਸ ਤੋਂ ਇਲਾਵਾ ਸਿੱਖੀ ਪ੍ਰਚਾਰ ਲਈ 13 ਕਰੋੜ 25 ਲੱਖ, ਸ਼ਤਾਬਦੀ ਸਮਾਗਮਾਂ ਲਈ 7 ਕਰੋੜ, ਖੇਡਾਂ ਲਈ 3 ਕਰੋੜ 11 ਲੱਖ ਅਤੇ ਕੁਦਰਤੀ ਆਫ਼ਤਾਂ ਲਈ 1 ਕਰੋੜ 60 ਲੱਖ ਰੁਪਏ ਰੱਖੇ ਗਏ ਹਨ, ਜਦਕਿ ਵਿਦਿਅਕ ਸੰਸਥਾਵਾਂ ਲਈ 66 ਕਰੋੜ 77 ਲੱਖ ਰੁਪਏ ਦੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ ਹੈ। ਬਜਟ ਬਾਰੇ ਗੱਲਬਾਤ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਸਹੂਲਤਾਂ ਦੇ ਵਿਸਥਾਰ ‘ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਦੇ ਬਜਟ ਦਾ ਕੇਵਲ 0.9 ਫੀਸਦੀ ਹੈ, ਪਰ ਇਸ ਦੇ ਬਾਵਜੂਦ ਸੰਸਥਾ ਵੱਡੇ ਪੱਧਰ ‘ਤੇ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨਿਭਾ ਰਹੀ ਹੈ। ਉਨ੍ਹਾਂ ਵਚਨਬੱਧਤਾ ਜਤਾਈ ਕਿ ਸੰਗਤਾਂ ਦੀ ਭਾਵਨਾ ਅਨੁਸਾਰ ਕਾਰਜ ਜਾਰੀ ਰੱਖੇ ਜਾਣਗੇ ਅਤੇ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here