ਇਸਲਾਮਾਬਾਦ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਕੋਲਾ ਖਾਣ ਵਿੱਚ ਹੋਏ ਭਿਆਨਕ ਧਮਾਕੇ ਕਾਰਨ ਘੱਟੋ-ਘੱਟ 18 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ 24 ਹੋਰ ਮਜ਼ਦੂਰ ਅਜੇ ਵੀ ਖਾਣ ਦੇ ਅੰਦਰ ਫਸੇ ਹੋਏ ਹਨ। ਰੈਸਕਿਊ ਟੀਮਾਂ ਲਗਾਤਾਰ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ, ਪਰ ਅੰਦਰ ਫਸੇ ਲੋਕਾਂ ਦੀ ਹਾਲਤ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਜਾ ਰਹੀ ਹੈ।
ਅਧਿਕਾਰੀਆਂ ਅਨੁਸਾਰ ਇਹ ਧਮਾਕਾ ਬਲੋਚਿਸਤਾਨ ਦੀ ਰਾਜਧਾਨੀ ਕੁਏਟਾ ਦੇ ਬਾਹਰੀ ਇਲਾਕੇ ਵਿੱਚ ਸਥਿਤ ਕੋਲਾ ਖਾਣ ਵਿੱਚ ਹੋਇਆ। ਸ਼ੁਰੂਆਤੀ ਜਾਂਚ ਮੁਤਾਬਕ ਮੀਥੇਨ ਗੈਸ ਇਕੱਠੀ ਹੋਣ ਕਾਰਨ ਧਮਾਕਾ ਹੋਇਆ ਹੋ ਸਕਦਾ ਹੈ। ਹਾਦਸੇ ਤੋਂ ਬਾਅਦ ਬਚਾਅ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਰੈਸਕਿਊ ਅਭਿਆਨ ਸ਼ੁਰੂ ਕੀਤਾ ਅਤੇ ਹੁਣ ਤੱਕ 18 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਸਰਕਾਰੀ ਖਾਣ ਇੰਸਪੈਕਟਰ ਗਨੀ ਬਲੋਚ ਨੇ ਦੱਸਿਆ ਕਿ ਮੀਥੇਨ ਗੈਸ ਦੇ ਧਮਾਕੇ ਤੋਂ ਬਾਅਦ ਖਾਣ ਦੇ ਅੰਦਰ ਆਕਸੀਜਨ ਦਾ ਪੱਧਰ ਬਹੁਤ ਘੱਟ ਹੋ ਜਾਂਦਾ ਹੈ, ਜਿਸ ਕਾਰਨ ਅੰਦਰ ਫਸੇ ਲੋਕਾਂ ਦੇ ਜ਼ਿੰਦਾ ਬਚਣ ਦੀ ਸੰਭਾਵਨਾ ਬਹੁਤ ਘੱਟ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰੈਸਕਿਊ ਟੀਮਾਂ ਪੂਰੀ ਸਾਵਧਾਨੀ ਨਾਲ ਅੰਦਰ ਅੱਗੇ ਵੱਧ ਰਹੀਆਂ ਹਨ ਅਤੇ ਜਦ ਤੱਕ ਸਾਰੇ ਮਜ਼ਦੂਰਾਂ ਦਾ ਪਤਾ ਨਹੀਂ ਲੱਗ ਜਾਂਦਾ, ਬਚਾਅ ਅਭਿਆਨ ਜਾਰੀ ਰਹੇਗਾ।
ਬਲੋਚਿਸਤਾਨ ਦੇ ਖਾਣ ਅਤੇ ਖਣਿਜ ਮੰਤਰੀ ਸ਼ੋਏਬ ਨੋਸ਼ੇਰਵਾਨੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਹਰ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੂੰ 5 ਲੱਖ ਪਾਕਿਸਤਾਨੀ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਖਾਣਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇਗੀ।
ਇਸ ਦੌਰਾਨ ਕੋਲਾ ਖਾਣ ਮਜ਼ਦੂਰਾਂ ਦੀ ਲੇਬਰ ਯੂਨੀਅਨ ਨੇ ਹਾਦਸੇ ਲਈ ਸੰਭਾਵਿਤ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੂਰੀ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।






