ਰਾਂਚੀ/ਖੂੰਟੀ: ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿੱਚ ਐਂਟੀ ਕਰਪਸ਼ਨ ਬਿਊਰੋ (ACB) ਨੇ ਵੱਡੀ ਕਾਰਵਾਈ ਕਰਦਿਆਂ ਏ.ਐਚ.ਟੀ.ਯੂ. (ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ) ਥਾਣਾ ਮੁਖੀ ਸਪਨਾ ਸੁਲੇਖਾ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਇੱਕ ਸ਼ਿਕਾਇਤ ਦੇ ਆਧਾਰ ‘ਤੇ ਜਾਲ ਵਿਛਾ ਕੇ ਕੀਤੀ ਗਈ।
ਏ.ਸੀ.ਬੀ. ਅਨੁਸਾਰ, ਖੂੰਟੀ ਜ਼ਿਲ੍ਹੇ ਦੇ ਹੁਰਲੂੰਗ ਪਿੰਡ ਦੇ ਰਹਿਣ ਵਾਲੇ ਸ਼ਿਆਮ ਕੁਮਾਰ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਖ਼ਿਲਾਫ਼ ਮਨੁੱਖੀ ਤਸਕਰੀ ਅਤੇ ਬੰਧੂਆ ਮਜ਼ਦੂਰੀ ਨਾਲ ਸਬੰਧਤ ਕੇਸ ਦਰਜ ਹੈ, ਜਿਸ ਵਿੱਚ ਉਹ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਸੀ। ਉਸ ਦਾ ਦੋਸ਼ ਸੀ ਕਿ ਮਾਮਲੇ ਵਿੱਚ ਰਾਹਤ ਦੇਣ ਦੇ ਬਦਲੇ ਥਾਣਾ ਮੁਖੀ ਨੇ ਉਸ ਤੋਂ 4.50 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ।
ਸ਼ਿਕਾਇਤ ਮੁਤਾਬਕ ਬਾਅਦ ਵਿੱਚ ਸੌਦਾ ਤੈਅ ਹੋਣ ‘ਤੇ 50 ਹਜ਼ਾਰ ਰੁਪਏ ਅਡਵਾਂਸ ਵਜੋਂ ਲੈਣ ਲਈ ਸਹਿਮਤੀ ਬਣੀ। ਇਸ ਤੋਂ ਬਾਅਦ ਏ.ਸੀ.ਬੀ. ਦੀ ਟੀਮ ਨੇ ਯੋਜਨਾਬੱਧ ਢੰਗ ਨਾਲ ਟਰੈਪ ਲਗਾਇਆ ਅਤੇ ਸਪਨਾ ਸੁਲੇਖਾ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਕਾਬੂ ਕਰ ਲਿਆ। ਮਾਮਲੇ ਵਿੱਚ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।






