ਟੋਰਾਂਟੋ, 1 ਅਗਸਤ: ਟੋਰਾਂਟੋ ਪੁਲਿਸ ਨੇ ਭਾਰਤੀ ਮੂਲ ਦੇ 29 ਸਾਲਾ ਗੰਗਾਧਰ ਬਾਬੂ ਖ਼ਿਲਾਫ਼ 8 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦੀ ਕਥਿਤ ਠੱਗੀ ਦੇ ਮਾਮਲੇ ਵਿੱਚ ਕੈਨੇਡਾ-ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਦੋਸ਼ ਹੈ ਕਿ ਉਸ ਨੇ ਆਪਣੇ ਆਪ ਨੂੰ ਜੋਤਸ਼ੀ ਅਤੇ ਅਧਿਆਤਮਿਕ ਹੀਲਰ ਦੱਸ ਕੇ ਇੱਕ ਮਹਿਲਾ ਨੂੰ ਡਰਾ-ਧਮਕਾ ਕੇ ਵੱਡੀ ਰਕਮ ਹਾਸਲ ਕੀਤੀ।
ਪੁਲਿਸ ਮੁਤਾਬਕ ਮੁਲਜ਼ਮ ਅਪਰੈਲ 2024 ਤੋਂ ਸਤੰਬਰ 2025 ਤੱਕ “Indian Psychic and Spiritual Healer” ਦੇ ਨਾਂ ਹੇਠ ਕੰਮ ਕਰਦਾ ਰਿਹਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਦਾਅਵੇ ਕਰਦਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਕੈਨੇਡਾ ਛੱਡ ਕੇ ਭਾਰਤ ਚਲਾ ਗਿਆ ਹੋ ਸਕਦਾ ਹੈ।
ਗੰਗਾਧਰ ਬਾਬੂ ਖ਼ਿਲਾਫ਼ ਧੋਖਾਧੜੀ, ਅਪਰਾਧਿਕ ਕਮਾਈ ਨਾਲ ਸੰਬੰਧਿਤ ਸੰਪਤੀ ਰੱਖਣ ਅਤੇ ਮਨੀ ਲਾਂਡਰਿੰਗ ਦੇ ਦੋਸ਼ ਦਰਜ ਕੀਤੇ ਗਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਹੋਰ ਲੋਕ ਵੀ ਉਸ ਦੀ ਕਥਿਤ ਠੱਗੀ ਦਾ ਸ਼ਿਕਾਰ ਹੋਏ ਹੋ ਸਕਦੇ ਹਨ ਅਤੇ ਪੀੜਤਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।






