ਨਵੀਂ ਦਿੱਲੀ : ਮਸ਼ਹੂਰ ਟੀਵੀ ਅਤੇ ਫਿਲਮ ਅਦਾਕਾਰਾ ਮੌਨੀ ਰਾਏ ਨੇ ਹਰਿਆਣਾ ਦੇ ਕਰਨਾਲ ਵਿੱਚ ਹੋਏ ਇੱਕ ਸਮਾਗਮ ਦੌਰਾਨ ਆਪਣੇ ਨਾਲ ਹੋਈ ਬਦਸਲੂਕੀ ਦਾ ਖੁਲਾਸਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਕੀਤੀ ਲੰਬੀ ਪੋਸਟ ਵਿੱਚ ਮੌਨੀ ਨੇ ਦੋਸ਼ ਲਾਇਆ ਕਿ ਸਮਾਗਮ ਵਿੱਚ ਮੌਜੂਦ ਕੁਝ ਬਜ਼ੁਰਗ ਵਿਅਕਤੀਆਂ ਨੇ ਤਸਵੀਰਾਂ ਖਿਚਵਾਉਣ ਦੇ ਬਹਾਨੇ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਅਸ਼ਲੀਲ ਇਸ਼ਾਰੇ ਕੀਤੇ।
ਮੌਨੀ ਰਾਏ ਅਨੁਸਾਰ, ਜਦੋਂ ਉਹ ਸਟੇਜ ਵੱਲ ਜਾ ਰਹੀ ਸੀ ਤਾਂ ਕੁਝ ਵਿਅਕਤੀਆਂ ਨੇ ਕਮਰ ‘ਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਜਦੋਂ ਉਸ ਨੇ ਸਤਿਕਾਰ ਨਾਲ ਉਨ੍ਹਾਂ ਨੂੰ ਹੱਥ ਹਟਾਉਣ ਲਈ ਕਿਹਾ ਤਾਂ ਉਲਟ ਉਨ੍ਹਾਂ ਵੱਲੋਂ ਗੁੱਸਾ ਦਿਖਾਇਆ ਗਿਆ।
ਅਦਾਕਾਰਾ ਨੇ ਦੱਸਿਆ ਕਿ ਸਟੇਜ ‘ਤੇ ਪਹੁੰਚਣ ਮਗਰੋਂ ਵੀ ਬਦਤਮੀਜ਼ੀ ਜਾਰੀ ਰਹੀ। ਕੁਝ ਲੋਕਾਂ ਵੱਲੋਂ ਹੇਠਲੇ ਐੰਗਲ ਤੋਂ ਇਤਰਾਜ਼ਯੋਗ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਦਕਿ ਸਾਹਮਣੇ ਖੜ੍ਹੇ ਕੁਝ ਬਜ਼ੁਰਗ ਅਸ਼ਲੀਲ ਇਸ਼ਾਰੇ ਅਤੇ ਭੱਦੀਆਂ ਟਿੱਪਣੀਆਂ ਕਰਦੇ ਰਹੇ। ਰੋਕਣ ਦੇ ਬਾਵਜੂਦ ਵੀ ਉਹ ਨਹੀਂ ਹਟੇ ਅਤੇ ਉਸ ਵੱਲ ਗੁਲਾਬ ਸੁੱਟਣੇ ਸ਼ੁਰੂ ਕਰ ਦਿੱਤੇ।
ਮੌਨੀ ਰਾਏ ਨੇ ਕਿਹਾ ਕਿ ਇਸ ਘਟਨਾ ਨੇ ਉਸ ਨੂੰ ਗਹਿਰਾ ਸਦਮਾ ਪਹੁੰਚਾਇਆ ਹੈ ਅਤੇ ਉਹ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰ ਰਹੀ ਹੈ। ਉਸ ਨੇ ਪ੍ਰਸ਼ਾਸਨ ਅਤੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੇ ਘਿਣਾਉਣੇ ਵਿਵਹਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਕਲਾਕਾਰ ਨਾਲ ਅਜਿਹਾ ਨਾ ਹੋਵੇ।







