ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ‘ਚ ਡਾ. ਬੀ ਆਰ ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਦਾ ਮਾਮਲਾ ਭਖਿਆ, ਦਲਿਤ ਜਥੇਬੰਦੀਆਂ ਨੇ ਬੰਦ ਦਾ ਕੀਤਾ ਐਲਾਨ

ਗਣਤੰਤਰ ਦਿਵਸ ਦੇ ਮੌਕੇ ਅੰਮ੍ਰਿਤਸਰ ਵਿੱਚ ਡਾਕਟਰ ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ, ਇੱਕ ਵਿਅਕਤੀ ਨੇ ਡਾਕਟਰ ਬੀਆਰ ਅੰਬੇਡਕਰ ਦੇ ਬੁੱਤ ‘ਤੇ ਚੜ੍ਹ ਕੇ ਉਸ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ ਕੀਤੀ। ਇਹ ਪ੍ਰਤਿਮਾ ਅਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਵਿੱਚ ਲੱਗੀ ਹੋਈ ਹੈ।

ਇਸ ਦੇ ਨਾਲ ਹੀ ਵਿਅਕਤੀ ਨੇ ਉੱਥੇ ਬਣੀ ਸੰਵਿਧਾਨ ਦੀ ਕਿਤਾਬ ‘ਤੇ ਵੀ ਅੱਗ ਲਗਾਈ।

ਜਦੋਂ ਇਸ ਦੀ ਜਾਣਕਾਰੀ ਵੱਖ-ਵੱਖ ਦਲਿਤ ਸਮਾਜ ਦੀਆਂ ਜਥੇਬੰਦੀਆਂ ਨੂੰ ਲੱਗੀ ਤਾਂ ਉਹਨਾਂ ਨੇ ਮੌਕੇ ਉੱਤੇ ਆ ਕੇ ਰੋਸ ਪ੍ਰਗਟਾਵਾ ਕੀਤਾ।

ਦਲਿਤ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਸੀ ਕਿ ਪ੍ਰਤਿਮਾ ਦੇ ਨੇੜੇ ਸੁਰੱਖਿਆ ਇੰਤਜ਼ਾਮ ਕੀਤੇ ਜਾਣ ਪਰ ਉਨ੍ਹਾਂ ਦੀ ਮੰਗ ਨੂੰ ਅਣਗੌਲਿਆ ਕਰ ਦਿੱਤਾ ਗਿਆ।

ਇਸ ਮਾਮਲੇ ‘ਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਸ਼ਰਾਰਤੀ ਅਨਸਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ, ਉਹ ਵਿਅਕਤੀ ਅੰਮ੍ਰਿਤਸਰ ਦੇ ਬਾਹਰ ਕਿਸੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਫਿਲਹਾਲ ਉਸ ਕੋਲ ਅੰਮ੍ਰਿਤਸਰ ਆਉਣ ਦੇ ਵੀ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਤੇ ਪੁਲਿਸ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕਰੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰ ਵੱਖ-ਵੱਖ ਆਗੂ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ।

ਵਾਇਰਲ ਵੀਡੀਓ ਵਿੱਚ ਕੀ ਨਜ਼ਰ ਆ ਰਿਹਾ

ਇਸ ਪੂਰੀ ਘਟਨਾ ਨਾਲ ਜੁੜਿਆ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਡਾਕਟਰ ਬੀਆਰ ਅੰਬੇਡਕਰ ਦੇ ਬੁੱਤ ‘ਤੇ ਚੜ੍ਹਿਆ ਹੋਇਆ ਹੈ ਅਤੇ ਉਸ ਉੱਤੇ ਹਥੌੜੇ ਨਾਲ ਵਾਰ ਕਰ ਰਿਹਾ ਹੈ।

ਦਲਿਤ ਜਥੇਬੰਦੀਆਂ ਵਿੱਚ ਰੋਸਸਵੀਰ ਸਰੋਤ

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਿਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਪੁਲਿਸ ਨੇ ਸਾਡੀ ਮੰਗ ਵੱਲ ਧਿਆਨ ਨਹੀਂ ਦਿੱਤਾ ਤੇ ਅੱਜ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਤੋੜਨ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਨੇ ਪ੍ਰਤਿਮਾ ਦੀ ਬੇਅਦਬੀ ਵੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬੇਸ਼ੱਕ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪਰ ਉਹ ਚਾਹੁੰਦੇ ਹਨ ਕਿ ਉਸ ਵਿਅਕਤੀ ਨੂੰ ਸਜ਼ਾ ਉਨ੍ਹਾਂ ਦੇ ਹਿਸਾਬ ਨਾਲ ਹੀ ਦਿੱਤੀ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਹੈ।

ਕੌਣ ਕੀ ਕਹਿ ਰਿਹਾ

ਇਸ ਸਬੰਧੀ ਪੰਜਾਬ ਦੇ ਵੱਖ-ਵੱਖ ਮੰਤਰੀਆਂ ਅਤੇ ਸਿਆਸਤਦਾਨਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਹਨ।

ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇਸ ਘਟਨਾ ਸਬੰਧੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ, ਇਸ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਘਟਨਾ ਲਈ ਬਖ਼ਸ਼ਿਆ ਨਹੀਂ ਜਾਵੇਗਾ‘ – ਸੀਐਮ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪੂਰੀ ਘਟਨਾ ਦੀ ਸਖਤ ਨਿੰਦਾ ਕੀਤੀ ਹੈ।

ਉਨ੍ਹਾਂ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, ”ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਤੋੜਨ ਦੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖ਼ਸ਼ਿਆ ਨਹੀਂ ਜਾਵੇਗਾ।”

”ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਪੰਜਾਬ ਦੀ ਭਾਈਚਾਰਕ ਸਾਂਝ ਤੋੜਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”

”ਪ੍ਰਸ਼ਾਸਨ ਨੂੰ ਇਸ ਦੀ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।”

ਐਸਜੀਪੀਸੀ ਨੇ ਕੀ ਕਿਹਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਘਟਨਾ ਬਾਬਤ ਕਿਹਾ ਕਿ ਇਹ ਹਰਕਤ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਹੋਈ ਹੈ।

ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, ‘ਇਸ ਫੋਟੋ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ੍ਰੀ ਅੰਮ੍ਰਿਤਸਰ ਵਿੱਚ ਡਾ. ਬੀ ਆਰ ਅੰਬੇਡਕਰ ਜੀ ਦਾ ਬੁੱਤ ਸ੍ਰੀ ਹਰਿਮੰਦਰ ਸਾਹਿਬ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਹੈ। ਸਾਬਕਾ ਸਾਂਸਦ ਸ੍ਰੀ ਵਿਜੇ ਸਾਂਪਲਾ ਵੱਲੋਂ ਕੀਤੀ ਗਈ ਗਲਤ ਬਿਆਨਬਾਜ਼ੀ ਕਿ ਬੁੱਤ ਨਾਲ ਛੇੜਛਾੜ ਦੀ ਹਰਕਤ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਹੋਈ।’

ਸਮਾਜ ਚ ਵੰਡੀਆਂ ਪਾਉਣ ਦੀਆਂ ਘਿਣਾਉਣੀਆਂ ਕੋਸ਼ਿਸ਼ਾਂ ਵਿਰੁੱਧ ਇੱਕਜੁੱਟ ਹੋਈਏ

ਸ਼੍ਰੋਮਣੀ ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਨੇ ਇਸ ਸਬੰਧੀ ਆਪਣੇ ਐਕਸ ਅਕਾਊਂਟ ‘ਤੇ ਰੋਸ ਜ਼ਾਹਿਰ ਕੀਤਾ।

ਉਨ੍ਹਾਂ ਲਿਖਿਆ, ”ਗਣਤੰਤਰ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟਰੀਟ ‘ਤੇ ਡਾਕਟਰ ਬੀਆਰ ਅੰਬੇਡਕਰ ਜੀ ਦੇ ਬੁੱਤ ਨੂੰ ਅਪਵਿੱਤਰ ਕਰਨ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦਾ ਹਾਂ।”

”ਇਸ ਘਿਨਾਉਣੇ ਕੰਮ ਨੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੈਂ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਅਤੇ ਇਸ ਸ਼ਰਮਨਾਕ ਘਟਨਾ ਦੇ ਪਿੱਛੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਪੂਰੀ ਜਾਂਚ ਦੀ ਮੰਗ ਕਰਦਾ ਹਾਂ।”

ਉਨ੍ਹਾਂ ਅੱਗੇ ਲਿਖਿਆ, ”ਆਓ ਆਪਣੇ ਸਮਾਜ ਵਿੱਚ ਵੰਡੀਆਂ ਪਾਉਣ ਦੀਆਂ ਅਜਿਹੀਆਂ ਘਿਣਾਉਣੀਆਂ ਕੋਸ਼ਿਸ਼ਾਂ ਵਿਰੁੱਧ ਇੱਕਜੁੱਟ ਹੋਈਏ।”

ਇਹ ਸਾਡੇ ਸੰਵਿਧਾਨ ਤੇ ਸਮਾਨਤਾ ਦੀਆਂ ਕਦਰਾਂ-ਕੀਮਤਾਂ ਤੇ ਹਮਲਾ

ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਆਪਣੇ ਐਕਸ ਅਕਾਊਂਟ ‘ਤੇ ਘਟਨਾ ਦੀ ਨਿੰਦਾ ਕਰਦਿਆਂ ਲਿਖਿਆ, ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗੀ ਹੈ।”

”ਇਹ ਕਾਰਵਾਈ ਸਾਡੇ ਸੰਵਿਧਾਨ ਅਤੇ ਸਮਾਨਤਾ ਦੀਆਂ ਕਦਰਾਂ-ਕੀਮਤਾਂ ‘ਤੇ ਹਮਲਾ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਅਤੇ ਪੰਜਾਬ ਸਰਕਾਰ ਉਸ ਵਿਰੁੱਧ ਸਖ਼ਤ ਕਾਰਵਾਈ ਕਰੇਗੀ।”

ਭਾਜਪਾ ਆਗੂ ਵਿਜੇ ਸਾਂਪਲਾ ਨੇ ਇਸ ਘਟਨਾ ਨੂੰ ਬਹੁਤ ਹੀ ਨਿੰਦਣਯੋਗ ਕਰਾਰ ਦਿੱਤਾ ਅਤੇ ਕਿਹਾ ਕਿ ”ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।”

ਉਨ੍ਹਾਂ ਲਿਖਿਆ, ”ਪੁਲਿਸ ਪ੍ਰਸ਼ਾਸਨ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਲੋਕ ਕੌਣ ਹਨ ਅਤੇ ਅਜਿਹਾ ਕਰਕੇ ਉਹ ਕੀ ਸਾਬਤ ਕਰਨਾ ਚਾਹੁੰਦੇ ਹਨ? ਅਜਿਹੇ ਲੋਕਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਕਾਰਵਾਈ ਯਕੀਨੀ ਬਣਾਏਗੀ।”

******

 

 

Leave a Reply

Your email address will not be published. Required fields are marked *