Monday, August 24, 2026
Home World News ਮੋਗਾਦਿਸ਼ੂ ‘ਚ ਯਾਤਰੀ ਜਹਾਜ਼ ਦੀ ਸਮੁੰਦਰ ਵਿੱਚ ਐਮਰਜੈਂਸੀ ਲੈਂਡਿੰਗ

ਮੋਗਾਦਿਸ਼ੂ ‘ਚ ਯਾਤਰੀ ਜਹਾਜ਼ ਦੀ ਸਮੁੰਦਰ ਵਿੱਚ ਐਮਰਜੈਂਸੀ ਲੈਂਡਿੰਗ

0
53

ਮੋਗਾਦਿਸ਼ੂ: ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਇੱਕ ਯਾਤਰੀ ਜਹਾਜ਼ ਦੀ ਸਮੁੰਦਰ ਵਿੱਚ ਐਮਰਜੈਂਸੀ ਲੈਂਡਿੰਗ ਹੋਣ ਕਾਰਨ ਹੜਕੰਪ ਮਚ ਗਿਆ। ਘਟਨਾ ਦੀ ਖੌਫਨਾਕ ਵੀਡੀਓ ਵੀ ਸਾਹਮਣੇ ਆਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਏਡੇਨ ਅਬਦੁੱਲੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ।

ਸੋਮਾਲੀਆ ਦੀ ਸਿਵਲ ਏਵੀਏਸ਼ਨ ਅਥਾਰਟੀ ਮੁਤਾਬਕ ਸਟਾਰਸਕੀ ਏਵੀਏਸ਼ਨ ਦਾ ਫੋਕਰ 50 ਜਹਾਜ਼ (ਰਜਿਸਟ੍ਰੇਸ਼ਨ 6ਓ-ਵਾਈਏਐਸ) ਮੋਗਾਦਿਸ਼ੂ ਤੋਂ ਗਲਕਾਯੋ ਜਾ ਰਿਹਾ ਸੀ। ਟੇਕਆਫ ਤੋਂ ਲਗਭਗ 15 ਮਿੰਟ ਬਾਅਦ ਤਕਨੀਕੀ ਸਮੱਸਿਆ ਆਉਣ ‘ਤੇ ਪਾਇਲਟ ਨੇ ਵਾਪਸ ਮੋਗਾਦਿਸ਼ੂ ਆਉਣ ਦੀ ਇਜਾਜ਼ਤ ਮੰਗੀ।

ਸਮੁੰਦਰ ਦੇ ਘੱਟ ਡੂੰਘੇ ਪਾਣੀ ‘ਚ ਰੁਕਿਆ ਜਹਾਜ਼

ਲੈਂਡਿੰਗ ਦੌਰਾਨ ਜਹਾਜ਼ ਰਨਵੇਅ ‘ਤੇ ਪੂਰੀ ਤਰ੍ਹਾਂ ਰੁਕ ਨਾ ਸਕਿਆ ਅਤੇ ਓਵਰਸ਼ਾਟ ਹੋ ਕੇ ਹਵਾਈ ਅੱਡੇ ਨੇੜੇ ਬੀਚ ‘ਤੇ ਰੇਤ ਅਤੇ ਘੱਟ ਡੂੰਘੇ ਪਾਣੀ ਵਿੱਚ ਜਾ ਰੁਕਿਆ। ਜਹਾਜ਼ ਦੇ ਖੰਭ ਅਤੇ ਅੱਗਲਾ ਹਿੱਸਾ ਨੁਕਸਾਨੀ ਹੋ ਗਿਆ, ਪਰ ਖੁਸ਼ਕਿਸਮਤੀ ਨਾਲ ਸਾਰੇ 50 ਯਾਤਰੀ ਅਤੇ 5 ਕਰੂ ਮੈਂਬਰ ਸੁਰੱਖਿਅਤ ਬਚ ਗਏ। ਕਿਸੇ ਦੀ ਮੌਤ ਜਾਂ ਗੰਭੀਰ ਸੱਟ ਦੀ ਖ਼ਬਰ ਨਹੀਂ ਹੈ।

ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਜਹਾਜ਼ ਤੋਂ ਬਾਹਰ ਨਿਕਲਦੇ ਦੇਖਿਆ ਜਾ ਸਕਦਾ ਹੈ। ਬਚਾਅ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਸੋਮਾਲੀਆ ਦੇ ਆਵਾਜਾਈ ਮੰਤਰੀ ਮੁਹੰਮਦ ਫਰਾਹ ਨੂਹ ਨੇ ਪੁਸ਼ਟੀ ਕੀਤੀ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ। ਤਕਨੀਕੀ ਖਰਾਬੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਾਇਲਟ ਦੇ ਤੁਰੰਤ ਅਤੇ ਸਹੀ ਫੈਸਲੇ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ, ਕਿਉਂਕਿ ਉਸਦੀ ਸੁਝਬੂਝ ਨਾਲ ਇੱਕ ਵੱਡਾ ਦੁਖਾਂਤ ਟਲ ਗਿਆ।


LEAVE A REPLY

Please enter your comment!
Please enter your name here