ਬੋਗੋਟਾ: ਕੋਲੰਬੀਆ ਵਿੱਚ ਵੈਨੇਜ਼ੁਏਲਾ ਦੀ ਸਰਹੱਦ ਨੇੜੇ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਮੌਜੂਦਾ ਸੰਸਦ ਮੈਂਬਰ ਅਤੇ ਇੱਕ ਚੋਣ ਉਮੀਦਵਾਰ ਸਮੇਤ ਕੁੱਲ 15 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਜਹਾਜ਼ ਆਪਣੀ ਮੰਜ਼ਿਲ ’ਤੇ ਉਤਰਣ ਤੋਂ ਕੁਝ ਮਿੰਟ ਪਹਿਲਾਂ ਹੀ ਰਾਡਾਰ ਤੋਂ ਗਾਇਬ ਹੋ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ, SEARCA ਏਅਰਲਾਈਨਜ਼ ਦਾ ਬੀਚਕ੍ਰਾਫਟ 1900 ਜਹਾਜ਼ (ਫਲਾਈਟ ਨੰਬਰ NSE 8849) ਕੋਲੰਬੀਆ ਦੇ ਸ਼ਹਿਰ ਕੁਕੁਟਾ ਤੋਂ ਸਵੇਰੇ 11:42 ਵਜੇ ਓਕਾਨਾ ਲਈ ਰਵਾਨਾ ਹੋਇਆ ਸੀ। ਇਸ ਦੀ ਲੈਂਡਿੰਗ ਦੁਪਹਿਰ 12:00 ਵਜੇ ਨਿਧਾਰਤ ਸੀ, ਪਰ ਲੈਂਡਿੰਗ ਤੋਂ ਲਗਭਗ ਛੇ ਮਿੰਟ ਪਹਿਲਾਂ, ਸਵੇਰੇ 11:54 ਵਜੇ, ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ।
ਜਹਾਜ਼ ਵਿੱਚ ਦੋ ਚਾਲਕ ਦਲ ਦੇ ਮੈਂਬਰਾਂ ਸਮੇਤ 13 ਯਾਤਰੀ ਸਵਾਰ ਸਨ। ਮਰਨ ਵਾਲਿਆਂ ਵਿੱਚ ਕੋਲੰਬੀਆ ਦੀ ਚੈਂਬਰ ਆਫ਼ ਡਿਪਟੀਜ਼ ਦੇ ਮੈਂਬਰ ਡਾਇਓਜੇਨਸ ਕੁਇੰਟੇਰੋ ਅਤੇ ਆਉਣ ਵਾਲੀਆਂ ਚੋਣਾਂ ਦੇ ਉਮੀਦਵਾਰ ਕਾਰਲੋਸ ਸਾਲਸੇਡੋ ਵੀ ਸ਼ਾਮਲ ਹਨ। ਕਈ ਘੰਟਿਆਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਰਾਹਤ ਅਤੇ ਬਚਾਅ ਟੀਮਾਂ ਨੇ ਜਹਾਜ਼ ਦਾ ਮਲਬਾ ਕੈਟਾਟੰਬੋ ਖੇਤਰ ਦੇ ਦੁਰਗਮ ਪਹਾੜੀ ਇਲਾਕੇ ਵਿੱਚੋਂ ਬਰਾਮਦ ਕੀਤਾ।
ਹਵਾਬਾਜ਼ੀ ਅਧਿਕਾਰੀਆਂ ਦੇ ਮੁੱਢਲੇ ਅੰਦਾਜ਼ਿਆਂ ਅਨੁਸਾਰ, ਹਾਦਸਾ ਖ਼ਰਾਬ ਮੌਸਮ ਜਾਂ ਕਿਸੇ ਅਚਾਨਕ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਹੋ ਸਕਦਾ ਹੈ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੀਤੀ ਜਾਵੇਗੀ। ਕੋਲੰਬੀਆਈ ਏਅਰੋਸਪੇਸ ਫੋਰਸ ਅਤੇ ਸਿਵਲ ਏਵੀਏਸ਼ਨ ਅਥਾਰਟੀ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਸ ਦੁੱਖਦਾਈ ਹਾਦਸੇ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੀੜਤ ਪਰਿਵਾਰਾਂ ਦੀ ਮਦਦ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਹੈਲਪਲਾਈਨ ਨੰਬਰ (601) 919 3333 ਵੀ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।







