ਐਥਨਜ਼: ਯੂਰਪ ਦੇ ਕਈ ਦੇਸ਼ਾਂ ਵਿੱਚ ਜੰਗਲਾਂ ਦੀ ਭਿਆਨਕ ਅੱਗ ਨੇ ਇੱਕ ਵਾਰ ਫਿਰ ਤਬਾਹੀ ਮਚਾ ਦਿੱਤੀ ਹੈ। ਗ੍ਰੀਸ, ਫਰਾਂਸ ਅਤੇ ਸਪੇਨ ਦੇ ਕਈ ਇਲਾਕੇ ਅੱਗ ਦੀ ਲਪੇਟ ਵਿੱਚ ਹਨ। ਗ੍ਰੀਸ ਦੀ ਰਾਜਧਾਨੀ ਐਥਨਜ਼ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਅੱਗ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਕਾਰਨ ਵੱਡੇ ਪੱਧਰ ‘ਤੇ ਅੱਗ ਬੁਝਾਉਣ ਦੇ ਅਭਿਆਨ ਅਤੇ ਐਮਰਜੈਂਸੀ ਨਿਕਾਸੀ ਕਾਰਵਾਈ ਚਲਾਈ ਜਾ ਰਹੀ ਹੈ।
ਰਿਕਾਰਡ ਤੋੜ ਗਰਮੀ, ਘੱਟ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਹਾਲਾਤ ਹੋਰ ਗੰਭੀਰ ਬਣ ਗਏ ਹਨ। ਫਰਾਂਸ ਅਤੇ ਸਪੇਨ ਦੇ ਕਈ ਪਿੰਡਾਂ ਨੂੰ ਅੱਗ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ, ਜਦਕਿ ਹਜ਼ਾਰਾਂ ਲੋਕਾਂ ਨੂੰ ਆਪਣੀਆਂ ਰਿਹਾਇਸ਼ਾਂ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣਾ ਪਿਆ ਹੈ।
ਗ੍ਰੀਸ ਵਿੱਚ ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲੀ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਦੌਰਾਨ ਉੱਥੇ ਗਰਮੀ ਦੀ ਲਹਿਰ ਵਿੱਚ ਕੁਝ ਕਮੀ ਆਈ ਸੀ, ਪਰ ਹੁਣ ਅੱਗ ਦੀਆਂ ਘਟਨਾਵਾਂ ਮੁੜ ਵਧਣ ਲੱਗੀਆਂ ਹਨ।
ਉੱਧਰ, ਫਰਾਂਸ ਦੇ ਦੱਖਣ-ਪੂਰਬੀ ਖੇਤਰ ਵਿੱਚ ਤਿੰਨ ਦਿਨ ਪਹਿਲਾਂ ਕਾਬੂ ਕੀਤੀ ਗਈ ਅੱਗ ਸ਼ੁੱਕਰਵਾਰ ਨੂੰ ਮੁੜ ਭੜਕ ਉੱਠੀ ਅਤੇ ਸਿਰਫ਼ ਛੇ ਘੰਟਿਆਂ ਵਿੱਚ ਇੱਕ ਹਜ਼ਾਰ ਹੈਕਟੇਅਰ ਤੋਂ ਵੱਧ ਇਲਾਕੇ ਵਿੱਚ ਫੈਲ ਗਈ। ਲਗਭਗ 2,500 ਲੋਕਾਂ ਨੂੰ ਰਾਤੋ-ਰਾਤ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਅੱਗ ‘ਤੇ ਕਾਬੂ ਪਾਉਣ ਵਿੱਚ ਹੋਰ ਮੁਸ਼ਕਲ ਆ ਸਕਦੀ ਹੈ, ਜਿਸ ਕਰਕੇ ਵਾਧੂ ਫਾਇਰ ਬ੍ਰਿਗੇਡ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ।






