ਟੋਕੀਓ: ਦੱਖਣ-ਪੱਛਮੀ ਜਾਪਾਨ ਵਿੱਚ 7.1 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਮੰਗਲਵਾਰ ਨੂੰ ਦੱਖਣੀ ਮੁੱਖ ਟਾਪੂ ਕਿਊਸ਼ੂ ਦੇ ਕੁਮਾਮੋਤੋ ਖੇਤਰ ਵਿੱਚ ਆਏ ਇਸ ਭੂਚਾਲ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿੱਚ ਲਾਪਤਾ ਲੋਕਾਂ ਦੀ ਭਾਲ ਅਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ।
ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਨੇ ਦੱਸਿਆ ਕਿ ਕਈ ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਪ੍ਰਭਾਵਿਤ ਲੋਕਾਂ ਨੂੰ ਗਰਮ ਮੌਸਮ ਦੌਰਾਨ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਅਪੀਲ ਵੀ ਕੀਤੀ।
ਭੂਚਾਲ ਤੋਂ ਬਾਅਦ ਜਾਪਾਨ ਦੀ ਸਵੈ-ਰੱਖਿਆ ਫੋਰਸ, ਅੱਗ ਬੁਝਾਊ ਵਿਭਾਗ ਅਤੇ ਐਮਰਜੈਂਸੀ ਟੀਮਾਂ ਸਾਂਝੇ ਤੌਰ ‘ਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ, ਭੋਜਨ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਕੁਮਾਮੋਟੋ ਫਾਇਰ ਵਿਭਾਗ ਮੁਤਾਬਕ ਕਾਸ਼ੀਮਾ ਕਸਬੇ ਦੇ ਏਓਨ ਮਾਲ ਦੀ ਦੂਜੀ ਮੰਜ਼ਿਲ ਢਹਿ ਜਾਣ ਕਾਰਨ ਕਈ ਲੋਕ ਮਲਬੇ ਹੇਠਾਂ ਫਸ ਗਏ। ਇਸ ਤੋਂ ਇਲਾਵਾ ਨਿਪੋਨ ਪੇਪਰ ਇੰਡਸਟਰੀਜ਼ ਦੇ ਯਤਸੁਸ਼ੀਰੋ ਪਲਾਂਟ ਦੀ ਇੱਕ ਉੱਚੀ ਚਿਮਨੀ ਵੀ ਡਿੱਗ ਗਈ, ਜਿਸ ਕਾਰਨ ਉੱਥੇ ਵੀ ਕਈ ਲੋਕਾਂ ਦੇ ਫਸਣ ਦੀ ਸੂਚਨਾ ਮਿਲੀ ਹੈ। ਬਚਾਅ ਟੀਮਾਂ ਲਗਾਤਾਰ ਮਲਬਾ ਹਟਾ ਕੇ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ।






