Home National ਦੇਸ਼ ਭਰ ਵਿੱਚ ਮਾਨਸੂਨ ਦਾ ਜ਼ੋਰ, ਕਈ ਰਾਜਾਂ ਲਈ ਰੈੱਡ, ਔਰੇਂਜ ਤੇ...

ਦੇਸ਼ ਭਰ ਵਿੱਚ ਮਾਨਸੂਨ ਦਾ ਜ਼ੋਰ, ਕਈ ਰਾਜਾਂ ਲਈ ਰੈੱਡ, ਔਰੇਂਜ ਤੇ ਯੈਲੋ ਅਲਰਟ ਜਾਰੀ

0
1

ਨਵੀਂ ਦਿੱਲੀ: ਦੇਸ਼ ਵਿੱਚ ਮਾਨਸੂਨ ਆਪਣੇ ਸਭ ਤੋਂ ਸਰਗਰਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਇਸ ਵੇਲੇ ਮੌਸਮ ਦੀਆਂ ਦੋ ਸਰਗਰਮ ਪ੍ਰਣਾਲੀਆਂ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਬੰਗਾਲ ਦੀ ਖਾੜੀ ਵਿੱਚ ਬਣਿਆ ਘੱਟ ਦਬਾਅ ਵਾਲਾ ਖੇਤਰ ਓਡੀਸ਼ਾ, ਝਾਰਖੰਡ ਅਤੇ ਛੱਤੀਸਗੜ੍ਹ ਵੱਲ ਅੱਗੇ ਵਧ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਮੌਸਮ ਵਿਭਾਗ (IMD) ਨੇ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਅਗਲੇ 4 ਤੋਂ 5 ਦਿਨਾਂ ਦੌਰਾਨ ਆਮ ਨਾਲੋਂ ਵੱਧ ਮੀਂਹ ਅਤੇ ਪੂਰਬੀ ਭਾਰਤ ਵਿੱਚ ਅਗਲੇ 5 ਤੋਂ 6 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ।

ਭਾਰੀ ਮੀਂਹ ਅਤੇ ਹੜ੍ਹਾਂ ਦਾ ਅਸਰ ਉਦਯੋਗਿਕ ਖੇਤਰ ‘ਤੇ ਵੀ ਪਿਆ ਹੈ। ਗੁਜਰਾਤ ਵਿੱਚ ਹੜ੍ਹ ਵਰਗੇ ਹਾਲਾਤਾਂ ਕਾਰਨ ਟਾਟਾ ਮੋਟਰਜ਼ ਦੇ ਸਾਨੰਦ ਪਲਾਂਟ ਅਤੇ ਨੇੜਲੇ ਕਈ ਸਪਲਾਇਰ ਯੂਨਿਟਾਂ ਵਿੱਚ ਉਤਪਾਦਨ ਪ੍ਰਭਾਵਿਤ ਹੋਇਆ ਹੈ। ਕੰਪਨੀ ਨੇ ਦੱਸਿਆ ਕਿ ਟਿਆਗੋ, ਟਿਗੋਰ, ਨੇਕਸਨ ਅਤੇ ਸਿਏਰਾ SUV ਦੇ ਉਤਪਾਦਨ ‘ਤੇ ਅਸਥਾਈ ਅਸਰ ਪਿਆ ਹੈ। ਬਹਾਲੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਸਥਿਤੀ ਆਮ ਹੋਣ ਦੀ ਉਮੀਦ ਹੈ। ਹਾਲਾਂਕਿ ਮਾਰੂਤੀ ਸੁਜ਼ੂਕੀ ਨੇ ਆਪਣੇ ਪਲਾਂਟ ਵਿੱਚ ਕਿਸੇ ਵਿਘਨ ਦੀ ਜਾਣਕਾਰੀ ਨਹੀਂ ਦਿੱਤੀ।

ਉੱਤਰਾਖੰਡ ਵਿੱਚ ਲਗਾਤਾਰ ਮੀਂਹ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨਾਲ ਤੀਰਥ ਯਾਤਰਾ ਦੇ ਰਸਤੇ ਪ੍ਰਭਾਵਿਤ ਹੋਏ ਹਨ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੇ ਚਾਰ ਧਾਮ ਯਾਤਰਾ ਨੂੰ ਦੋ ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਜਲ ਭਰਾਅ ਹੋ ਗਿਆ। ਸੜਕਾਂ ‘ਤੇ ਗੋਡਿਆਂ ਤੱਕ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਰਹੀ ਅਤੇ ਕਈ ਥਾਵਾਂ ‘ਤੇ ਲੰਬੇ ਟ੍ਰੈਫਿਕ ਜਾਮ ਲੱਗ ਗਏ।

ਮੌਸਮ ਵਿਭਾਗ ਨੇ 30 ਜੁਲਾਈ ਲਈ ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਪੂਰਬੀ ਰਾਜਸਥਾਨ, ਮੱਧ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਭਾਰੀ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਦਰਭ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਛੱਤੀਸਗੜ੍ਹ ਅਤੇ ਕੋਨਕਣ-ਗੋਆ ਵਿੱਚ ਯੈਲੋ ਅਲਰਟ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

LEAVE A REPLY

Please enter your comment!
Please enter your name here