ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ “ਬੋਰਡ ਆਫ਼ ਪੀਸ” ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਨਵੀਂ ਅੰਤਰਰਾਸ਼ਟਰੀ ਸੰਸਥਾ ਗਾਜ਼ਾ ਵਿੱਚ ਸਥਾਈ ਸ਼ਾਂਤੀ ਕਾਇਮ ਕਰਨ ਅਤੇ ਵਿਸ਼ਵਵਿਆਪੀ ਟਕਰਾਅ ਨੂੰ ਹੱਲ ਕਰਨ ਲਈ “ਇੱਕ ਦਲੇਰ ਨਵੇਂ ਦ੍ਰਿਸ਼ਟੀਕੋਣ” ‘ਤੇ ਕੰਮ ਕਰੇਗੀ। ਟਰੰਪ ਵੱਲੋਂ ਲਿਖਿਆ ਗਿਆ ਇਹ ਪੱਤਰ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ।
ਆਪਣੇ ਪੱਤਰ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮੱਧ ਪੂਰਬ ਵਿੱਚ “ਸ਼ਾਂਤੀ ਬਹਾਲ ਕਰਨ ਲਈ ਇੱਕ ਮਹੱਤਵਪੂਰਨ, ਇਤਿਹਾਸਕ ਅਤੇ ਯਾਦਗਾਰੀ ਯਤਨ” ਦਾ ਹਿੱਸਾ ਬਣਨ ਲਈ ਸੱਦਾ ਦੇਣ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ “ਬੋਰਡ ਆਫ਼ ਪੀਸ” ਵਿਸ਼ਵ ਪੱਧਰ ‘ਤੇ ਟਕਰਾਅ ਹੱਲ ਕਰਨ ਲਈ ਇੱਕ ਨਵਾਂ ਅਤੇ ਦਲੇਰ ਦ੍ਰਿਸ਼ਟੀਕੋਣ ਪੇਸ਼ ਕਰੇਗਾ।
ਟਰੰਪ ਨੇ ਇਹ ਬੋਰਡ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਸਮਝੌਤੇ ਦੇ ਦੂਜੇ ਪੜਾਅ ਦੇ ਤਹਿਤ ਸ਼ੁਰੂ ਕੀਤਾ ਹੈ। ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ ਇਜ਼ਰਾਈਲ ਅਤੇ ਹਮਾਸ ਟਰੰਪ ਦੀ ਸ਼ਾਂਤੀ ਯੋਜਨਾ ‘ਤੇ ਸਹਿਮਤ ਹੋਏ ਸਨ। ਇਸ ਪਹਿਲ ਦੇ ਤਹਿਤ ਟਰੰਪ ਨੇ ਕਈ ਹੋਰ ਵਿਸ਼ਵ ਨੇਤਾਵਾਂ ਨੂੰ ਵੀ ਇਸੇ ਤਰ੍ਹਾਂ ਦੇ ਸੱਦੇ ਭੇਜੇ ਹਨ।
ਵਾਸ਼ਿੰਗਟਨ ਵੱਲੋਂ “ਬੋਰਡ ਆਫ਼ ਪੀਸ” ਨੂੰ ਗਾਜ਼ਾ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਇੱਕ ਨਵੀਂ ਅੰਤਰਰਾਸ਼ਟਰੀ ਸੰਸਥਾ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਸੰਸਥਾ ਹੋਰ ਵਿਸ਼ਵਵਿਆਪੀ ਟਕਰਾਅ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਸ ਸੰਸਥਾ ਨੂੰ ਗਾਜ਼ਾ ਦੇ ਪੁਨਰ ਨਿਰਮਾਣ ਲਈ ਸ਼ਾਸਨ ਦੀ ਨਿਗਰਾਨੀ ਅਤੇ ਫੰਡਿੰਗ ਦੇ ਤਾਲਮੇਲ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ, ਕਿਉਂਕਿ ਇਜ਼ਰਾਈਲ ਦੇ ਦੋ ਸਾਲਾਂ ਦੇ ਫੌਜੀ ਅਭਿਆਨ ਨਾਲ ਗਾਜ਼ਾ ਪੱਟੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।
ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਐਕਸ ‘ਤੇ ਆਪਣੀ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਦਾ ਇਹ ਸੱਦਾ ਪ੍ਰਧਾਨ ਮੰਤਰੀ ਮੋਦੀ ਤੱਕ ਪਹੁੰਚਾਉਣ ਦਾ ਸਨਮਾਨ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ “ਬੋਰਡ ਆਫ਼ ਪੀਸ” ਗਾਜ਼ਾ ਵਿੱਚ ਸਥਾਈ ਸ਼ਾਂਤੀ ਲਿਆਉਣ ਦੇ ਨਾਲ-ਨਾਲ ਸਥਿਰਤਾ ਅਤੇ ਖੁਸ਼ਹਾਲੀ ਲਈ ਪ੍ਰਭਾਵਸ਼ਾਲੀ ਸ਼ਾਸਨ ਦਾ ਸਮਰਥਨ ਕਰੇਗਾ।
ਟਰੰਪ ਨੇ ਆਪਣੇ ਪੱਤਰ ਵਿੱਚ 29 ਸਤੰਬਰ ਨੂੰ ਗਾਜ਼ਾ ਸੰਘਰਸ਼ ਖਤਮ ਕਰਨ ਲਈ ਐਲਾਨੀ ਗਈ ਵਿਆਪਕ ਯੋਜਨਾ ਦਾ ਵੀ ਜ਼ਿਕਰ ਕੀਤਾ, ਜਿਸ ਦੇ ਤਹਿਤ ਮੱਧ ਪੂਰਬ ਵਿੱਚ ਸ਼ਾਂਤੀ ਲਿਆਉਣ ਲਈ ਉਨ੍ਹਾਂ ਦੀ 20-ਨੁਕਾਤੀ ਰੂਪ-ਰੇਖਾ ਸ਼ਾਮਲ ਹੈ।






