Home Punjab ਬਠਿੰਡਾ ਵਿੱਚ ਸ਼ੱਕੀ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ

ਬਠਿੰਡਾ ਵਿੱਚ ਸ਼ੱਕੀ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ

0
21

ਬਠਿੰਡਾ: ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਕਾਰਵਾਈ ਦੌਰਾਨ ਇੱਕ ਸ਼ੱਕੀ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਦੋ ਹੋਰ ਮੁਲਜ਼ਮ ਹਾਲੇ ਫਰਾਰ ਦੱਸੇ ਜਾ ਰਹੇ ਹਨ।

ਮੁੱਢਲੀ ਜਾਂਚ ਅਨੁਸਾਰ ਇੱਕ ਸੰਗਠਿਤ ਗਰੋਹ ਫੌਜ, ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਿਹਾ ਸੀ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਕੱਠੀ ਕੀਤੀ ਜਾ ਰਹੀ ਸੰਵੇਦਨਸ਼ੀਲ ਜਾਣਕਾਰੀ ਵਿਦੇਸ਼ਾਂ ਵਿੱਚ ਬੈਠੇ ਸ਼ੱਕੀ ਤੱਤਾਂ ਤੱਕ ਪਹੁੰਚਾਈ ਜਾ ਰਹੀ ਸੀ, ਜਿਸ ਨੂੰ ਕੌਮੀ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਗੰਭੀਰ ਮੰਨਿਆ ਜਾ ਰਿਹਾ ਹੈ।

ਪੁਲਿਸ ਮੁਤਾਬਕ ਇਹ ਮਾਮਲਾ ਥਰਮਲ ਥਾਣਾ ਬਠਿੰਡਾ ਵਿੱਚ ਦਰਜ ਐਫ.ਆਈ.ਆਰ. ਨੰਬਰ 66 (ਮਿਤੀ 9 ਜੂਨ 2026) ਨਾਲ ਸਬੰਧਤ ਹੈ। ਦੋਸ਼ੀਆਂ ਖ਼ਿਲਾਫ਼ ਸਰਕਾਰੀ ਭੇਤ ਕਾਨੂੰਨ (Official Secrets Act) ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜਾਂਚ ਦੌਰਾਨ ਬਠਿੰਡਾ-ਮਲੋਟ ਰੋਡ ‘ਤੇ ਅੰਬੂਜਾ ਫੈਕਟਰੀ ਨੇੜੇ ਇੱਕ ਬਿਜਲੀ ਦੇ ਖੰਭੇ ਉੱਤੇ ਸੋਲਰ ਪੈਨਲ ਨਾਲ ਚੱਲਣ ਵਾਲਾ ਕੈਮਰਾ ਮਿਲਿਆ, ਜਿਸ ਵਿੱਚ ਸਿਮ ਕਾਰਡ ਵੀ ਲੱਗਾ ਹੋਇਆ ਸੀ। ਪੁਲਿਸ ਅਨੁਸਾਰ ਇਸ ਕੈਮਰੇ ਰਾਹੀਂ ਨੈਸ਼ਨਲ ਹਾਈਵੇ ਦੀ ਲਾਈਵ ਨਿਗਰਾਨੀ ਕੀਤੀ ਜਾ ਰਹੀ ਸੀ। ਜਾਂਚ ਏਜੰਸੀਆਂ ਇਹ ਪਤਾ ਲਗਾ ਰਹੀਆਂ ਹਨ ਕਿ ਇਸ ਦਾ ਮਕਸਦ ਫੌਜੀ ਅਤੇ ਸੁਰੱਖਿਆ ਬਲਾਂ ਦੇ ਵਾਹਨਾਂ ਦੀ ਆਵਾਜਾਈ ‘ਤੇ ਨਜ਼ਰ ਰੱਖਣਾ ਸੀ ਜਾਂ ਨਹੀਂ।

ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਨੈੱਟਵਰਕ ਰਾਜਸਥਾਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਰਗੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਸੀ। ਹਾਲਾਂਕਿ ਜਾਂਚ ਅਜੇ ਜਾਰੀ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਸਾਰੇ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

ਇਸ ਮਾਮਲੇ ਵਿੱਚ 10 ਜੂਨ ਨੂੰ ਅਜਨਾਲਾ ਖੇਤਰ ਦੇ ਪਿੰਡ ਸਰਾਏ ਤੋਂ ਅਸ਼ੋਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਪੁੱਛਗਿੱਛ ਦੇ ਆਧਾਰ ‘ਤੇ 14 ਜੂਨ ਨੂੰ ਅਕਾਸ਼ਦੀਪ ਸਿੰਘ ਨੂੰ ਵੀ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ ਦੋਹਾਂ ਤੋਂ ਹੋਈ ਪੁੱਛਗਿੱਛ ਵਿੱਚ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦੇ ਸੰਕੇਤ ਮਿਲੇ ਹਨ।

ਸੁਰੱਖਿਆ ਏਜੰਸੀਆਂ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀਆਂ ਹਨ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮਾਮਲੇ ਦੇ ਕਿਸੇ ਵੱਡੇ ਜਾਂ ਅੰਤਰਰਾਸ਼ਟਰੀ ਸੰਪਰਕ ਨਾਲ ਸਬੰਧ ਹਨ ਜਾਂ ਨਹੀਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਰ ਤੱਥ ਸਪੱਸ਼ਟ ਹੋ ਸਕਣਗੇ।


LEAVE A REPLY

Please enter your comment!
Please enter your name here