ਨੌਜਵਾਨਾਂ ਨੂੰ ਰੋਜ਼ਗਾਰਮੁਖੀ ਹੁਨਰ ਪ੍ਰਦਾਨ ਕਰਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਮੁੱਖ ਉਦੇਸ਼ – ਕੰਵਲਪੁਨੀਤ ਕੌਰ
ਮਾਲੇਰਕੋਟਲਾ: ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਤੋਂ ਉਭਰ ਰਹੇ ਨੌਜਵਾਨਾਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਸਵੈ-ਨਿਰਭਰ ਬਣਾਉਣ ਲਈ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਸਰਕਾਰੀ ਨਸ਼ਾ ਛੁਡਾਊ ਕੇਂਦਰ, ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਤਿੰਨ ਰੋਜ਼ਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਕੰਵਲਪੁਨੀਤ ਕੌਰ ਨੇ ਦੱਸਿਆ ਕਿ ਪਸ਼ੂ ਪਾਲਣ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਉਦੇਸ਼ ਇਲਾਜ ਅਧੀਨ 18 ਤੋਂ 35 ਸਾਲ ਉਮਰ ਵਰਗ ਦੇ ਕਰੀਬ 25 ਤੋਂ 30 ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕਿਆਂ ਨਾਲ ਜਾਣੂ ਕਰਵਾਉਣਾ ਹੈ।
ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਡੇਅਰੀ ਫਾਰਮਿੰਗ, ਬੱਕਰੀ ਪਾਲਣ, ਪੋਲਟਰੀ ਫਾਰਮਿੰਗ, ਸਵੈ-ਰੋਜ਼ਗਾਰ, ਸਰਕਾਰੀ ਸਹਾਇਤਾ ਸਕੀਮਾਂ ਅਤੇ ਬੈਂਕ ਕਰਜ਼ਿਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਆਤਮ-ਵਿਸ਼ਵਾਸ ਵਧਾਉਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਕੰਵਲਪੁਨੀਤ ਕੌਰ ਨੇ ਕਿਹਾ ਕਿ ਨਸ਼ਿਆਂ ਤੋਂ ਉਭਰ ਰਹੇ ਨੌਜਵਾਨਾਂ ਨੂੰ ਹਮਦਰਦੀ, ਸਹੀ ਮਾਰਗਦਰਸ਼ਨ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਉਨ੍ਹਾਂ ਦੇ ਸਨਮਾਨਜਨਕ ਮੁੜ ਵਸੇਬੇ ਵੱਲ ਅਹਿਮ ਕਦਮ ਹੈ। ਇਸ ਮੌਕੇ ਪਲੇਸਮੈਂਟ ਅਫ਼ਸਰ ਘਨਸ਼ਿਆਮ ਨੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪਸ਼ੂ ਪਾਲਣ ਵਿਭਾਗ ਦੇ ਡਾ. ਪਰਦੀਪ ਸਿੰਘ ਅਤੇ ਹੋਰ ਸਟਾਫ਼ ਵੀ ਹਾਜ਼ਰ ਸੀ।



