ਚੰਡੀਗੜ੍ਹ: ਪੰਜਾਬ ਦੀ ਸਿਆਸਤ ਅਤੇ ਖੇਡ ਜਗਤ ਲਈ ਅੱਜ ਇੱਕ ਅਹਿਮ ਦਿਨ ਰਿਹਾ, ਕਿਉਂਕਿ ਇੰਟਰਨੈਸ਼ਨਲ ਰੈਸਲਰ ਅਤੇ ਇੰਡੀਆ ਦੇ ਸਟਰੋਂਗੇਸਟ ਮੈਨ ਦਾ ਖਿਤਾਬ ਜਿੱਤਣ ਵਾਲੇ ਇੰਦਰਪ੍ਰੀਤ ਸਿੰਘ, ਜਿਨ੍ਹਾਂ ਨੂੰ ‘ਸੁਪਰ ਖਾਲਸਾ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅੱਜ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਪੰਜਾਬ ਦੇ ਨੌਜਵਾਨਾਂ ਲਈ ਰੋਲ ਮਾਡਲ ਮੰਨੇ ਜਾਂਦੇ ਇੰਦਰਪ੍ਰੀਤ ਸਿੰਘ ਨੇ ਪਾਲਾ ਜਲਾਲਪੁਰੀਆ, ਜੱਸਾ ਪੱਟੀ ਅਤੇ ਪ੍ਰੀਤਪਾਲ ਫਗਵਾੜਾ ਵਰਗੇ ਦਿੱਗਜ ਖਿਡਾਰੀਆਂ ਤੋਂ ਪ੍ਰੇਰਿਤ ਹੋ ਕੇ ਪਾਰਟੀ ਨਾਲ ਜੁੜਨ ਦਾ ਫੈਸਲਾ ਲਿਆ। ਉਹ ਪ੍ਰੋ-ਰੈਸਲਿੰਗ ਦੇ ਮੌਜੂਦਾ ਹੈਵੀਵੇਟ ਚੈਂਪੀਅਨ ਹੋਣ ਦੇ ਨਾਲ-ਨਾਲ ਪੰਜਾਬ ਸਟੇਟ ਪਾਵਰਲਿਫਟਿੰਗ ਵਿੱਚ ਚਾਰ ਵਾਰ ਗੋਲਡ ਮੈਡਲਿਸਟ ਵੀ ਰਹਿ ਚੁੱਕੇ ਹਨ।
ਅੱਜ ਹੋਏ ਵਿਸ਼ੇਸ਼ ਸਮਾਗਮ ਦੌਰਾਨ ਰਾਜਬੀਰ ਸਿੰਘ ਘੁੰਮਣ ਨੇ ਇੰਦਰਪ੍ਰੀਤ ਸਿੰਘ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਵਰਗੇ ਹੋਣਹਾਰ ਖਿਡਾਰੀਆਂ ਦੇ ਜੁੜਨ ਨਾਲ ‘ਰੰਗਲਾ ਪੰਜਾਬ’ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੇਗੀ। ਪਾਰਟੀ ਦਾ ਮੰਨਣਾ ਹੈ ਕਿ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਨੌਜਵਾਨ ਹੁਣ ਸਿਆਸਤ ਰਾਹੀਂ ਅਗਲੀ ਪੀੜ੍ਹੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।



