Home World News ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ਤੋਂ ਬਾਅਦ ਹੋਰਮੁਜ਼ ਜਲਡਮਰੂ ਖੁੱਲ੍ਹਿਆ

ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ਤੋਂ ਬਾਅਦ ਹੋਰਮੁਜ਼ ਜਲਡਮਰੂ ਖੁੱਲ੍ਹਿਆ

0
22

ਵਾਸ਼ਿੰਗਟਨ/ਤੇਹਰਾਨ: ਵਿਸ਼ਵ ਤੇਲ ਬਾਜ਼ਾਰ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਉਸ ਵੇਲੇ ਆਇਆ ਜਦੋਂ ਅਮਰੀਕਾ ਅਤੇ ਈਰਾਨ ਦਰਮਿਆਨ ਹੋਏ ਸ਼ਾਂਤੀ ਸਮਝੌਤੇ ਤੋਂ ਬਾਅਦ ਹੋਰਮੁਜ਼ ਜਲਡਮਰੂ (Strait of Hormuz) ਵਿੱਚ ਲੱਗੀ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਹਟਾ ਦਿੱਤੀ ਗਈ। ਇਸ ਵਿਕਾਸ ਨਾਲ ਦੋ ਮਹੀਨਿਆਂ ਤੋਂ ਰੁਕੀ ਸਮੁੰਦਰੀ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ ਅਤੇ ਈਰਾਨ ਨੇ ਵੱਡੇ ਪੱਧਰ ‘ਤੇ ਕੱਚੇ ਤੇਲ ਦੀ ਬਰਾਮਦ ਕਰਨੀ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ, ਕੁੱਲ 4.8 ਮਿਲੀਅਨ ਬੈਰਲ ਕੱਚੇ ਤੇਲ ਨਾਲ ਲੱਦੇ ਤਿੰਨ ਵਿਸ਼ਾਲ ਈਰਾਨੀ ਟੈਂਕਰ ਅੰਤਰਰਾਸ਼ਟਰੀ ਬਾਜ਼ਾਰਾਂ ਵੱਲ ਰਵਾਨਾ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ ਟੈਂਕਰ ਪਾਕਿਸਤਾਨ ਵੱਲ ਵਧ ਰਿਹਾ ਹੈ, ਜਦਕਿ ਬਾਕੀ ਟੈਂਕਰ ਹੋਰ ਗਲੋਬਲ ਖਰੀਦਦਾਰਾਂ ਲਈ ਤੇਲ ਲੈ ਕੇ ਜਾ ਰਹੇ ਹਨ।

ਟੈਂਕਰ ਗਤੀਵਿਧੀਆਂ ‘ਤੇ ਨਜ਼ਰ ਰੱਖਣ ਵਾਲੀਆਂ ਏਜੰਸੀਆਂ ਮੁਤਾਬਕ, ਨੈਸ਼ਨਲ ਈਰਾਨੀ ਟੈਂਕਰ ਕੰਪਨੀ ਦੇ ਦੋ ਸੁਪਰਟੈਂਕਰ “DIONA” ਅਤੇ “HERO2” ਕਰੀਬ 3.8 ਮਿਲੀਅਨ ਬੈਰਲ ਕੱਚਾ ਤੇਲ ਲੈ ਕੇ ਨਾਕਾਬੰਦੀ ਵਾਲੇ ਖੇਤਰ ਤੋਂ ਸੁਰੱਖਿਅਤ ਤੌਰ ‘ਤੇ ਲੰਘ ਗਏ ਹਨ। ਇਸ ਤੋਂ ਇਲਾਵਾ 10 ਲੱਖ ਬੈਰਲ ਤੇਲ ਨਾਲ ਭਰਿਆ ਇੱਕ ਹੋਰ ਟੈਂਕਰ ਵੀ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ ਹੈ।

ਯਾਦ ਰਹੇ ਕਿ ਅਪ੍ਰੈਲ 2026 ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਪੈਦਾ ਹੋਏ ਫੌਜੀ ਤਣਾਅ ਤੋਂ ਬਾਅਦ ਇਸ ਖੇਤਰ ਵਿੱਚ ਸਖ਼ਤ ਨਾਕਾਬੰਦੀ ਲਾਗੂ ਕੀਤੀ ਗਈ ਸੀ। ਹੁਣ ਸ਼ਾਂਤੀ ਸਮਝੌਤੇ ਦੇ ਸਫਲ ਹੋਣ ਨਾਲ ਸਮੁੰਦਰੀ ਰਸਤੇ ਮੁੜ ਖੁੱਲ੍ਹਣ ਕਾਰਨ ਵਿਸ਼ਵ ਵਪਾਰ ਅਤੇ ਊਰਜਾ ਸਪਲਾਈ ਨੂੰ ਵੱਡੀ ਰਾਹਤ ਮਿਲੀ ਹੈ।

ਇਸ ਸਮਝੌਤੇ ਦਾ ਸਭ ਤੋਂ ਵੱਡਾ ਅਸਰ ਅੰਤਰਰਾਸ਼ਟਰੀ ਤੇਲ ਕੀਮਤਾਂ ‘ਤੇ ਦੇਖਣ ਨੂੰ ਮਿਲਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਮਝੌਤੇ ਦੇ ਐਲਾਨ ਤੋਂ ਬਾਅਦ ਬ੍ਰੈਂਟ ਕਰੂਡ ਦੀ ਕੀਮਤ 80 ਡਾਲਰ ਤੋਂ ਹੇਠਾਂ ਆ ਗਈ ਅਤੇ ਇਹ 79.02 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ, ਜੋ ਪਿਛਲੇ ਤਿੰਨ ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਡਬਲਯੂਟੀਆਈ ਕਰੂਡ 76.15 ਡਾਲਰ ਅਤੇ ਮੁਰਬਨ ਕਰੂਡ 71 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਿਆ।

ਤੇਲ ਦੀਆਂ ਕੀਮਤਾਂ ਵਿੱਚ ਆਈ ਇਹ ਗਿਰਾਵਟ ਭਾਰਤ ਸਮੇਤ ਕਈ ਦੇਸ਼ਾਂ ਲਈ ਰਾਹਤ ਭਰੀ ਸਾਬਤ ਹੋ ਸਕਦੀ ਹੈ। ਇਸ ਨਾਲ ਇੰਧਨ ਦੀਆਂ ਕੀਮਤਾਂ ‘ਤੇ ਦਬਾਅ ਘਟਣ ਦੇ ਨਾਲ-ਨਾਲ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ, ਜਿਸ ਦਾ ਸਿੱਧਾ ਫਾਇਦਾ ਆਮ ਖਪਤਕਾਰਾਂ ਅਤੇ ਉਦਯੋਗਾਂ ਨੂੰ ਹੋਵੇਗਾ।

LEAVE A REPLY

Please enter your comment!
Please enter your name here