ਅਮਰੀਕਾ: ਅਮਰੀਕਾ ਇਸ ਵੇਲੇ ਇੱਕ ਭਿਆਨਕ ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ। ਅਰਕਾਨਸਾਸ ਤੋਂ ਨਿਊ ਇੰਗਲੈਂਡ ਤੱਕ ਲਗਭਗ 1,300 ਮੀਲ ਤੱਕ ਫੈਲੇ ਭਿਆਨਕ ਬਰਫ਼ੀਲੇ ਤੂਫਾਨ ਨੇ ਦੇਸ਼ ਭਰ ਦੀ ਜਨਜੀਵਨ ਅਤੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਆਫ਼ਤ ਵਿੱਚ ਹੁਣ ਤੱਕ ਘੱਟੋ-ਘੱਟ 25 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਕੜਾਕੇ ਦੀ ਠੰਢ, ਤੇਜ਼ ਹਵਾਵਾਂ ਅਤੇ ਜਮਾਓ ਵਾਲੇ ਮੀਂਹ ਕਾਰਨ ਸੜਕਾਂ ਬਰਫ਼ ਨਾਲ ਢੱਕ ਗਈਆਂ ਹਨ, ਜਿਸ ਨਾਲ ਹਾਦਸਿਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਹਵਾਈ ਆਵਾਜਾਈ ਵੀ ਬਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ 8,000 ਤੋਂ ਵੱਧ ਉਡਾਣਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਦੇਰੀ ਨਾਲ ਚੱਲ ਰਹੀਆਂ ਹਨ।
ਰਾਸ਼ਟਰੀ ਮੌਸਮ ਸੇਵਾ ਮੁਤਾਬਕ, ਕਈ ਰਾਜਾਂ ਵਿੱਚ ਬਰਫ਼ਬਾਰੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਪਿਟਸਬਰਗ ਵਿੱਚ ਲਗਭਗ 20 ਇੰਚ ਬਰਫ਼ ਜਮ੍ਹਾ ਹੋ ਗਈ ਹੈ, ਜਦਕਿ ਤੇਜ਼ ਹਵਾਵਾਂ ਕਾਰਨ ਹਵਾ ਦੀ ਠੰਢ ਮਾਈਨਸ 25 ਡਿਗਰੀ ਫਾਰਨਹੀਟ ਤੱਕ ਡਿੱਗ ਗਈ ਹੈ।
ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ 11 ਇੰਚ ਬਰਫ਼ਬਾਰੀ ਦਰਜ ਕੀਤੀ ਗਈ ਹੈ। ਸਿਰਫ਼ ਨਿਊਯਾਰਕ ਸ਼ਹਿਰ ਵਿੱਚ ਹੀ ਠੰਢ ਨਾਲ ਜੁੜੀਆਂ ਘਟਨਾਵਾਂ ਕਾਰਨ ਅੱਠ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ।
ਤੂਫਾਨ ਨੇ ਬਿਜਲੀ ਪ੍ਰਣਾਲੀ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਟੈਨੇਸੀ, ਮਿਸੀਸਿਪੀ ਅਤੇ ਟੈਕਸਾਸ ਸਮੇਤ ਕਈ ਰਾਜਾਂ ਵਿੱਚ 7 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਬੰਦ ਹੋ ਚੁੱਕੀ ਹੈ। ਮਿਸੀਸਿਪੀ ਵਿੱਚ ਹਾਲਾਤ ਇੰਨੇ ਗੰਭੀਰ ਹਨ ਕਿ ਇਸਨੂੰ 1994 ਤੋਂ ਬਾਅਦ ਦਾ ਸਭ ਤੋਂ ਵਿਨਾਸ਼ਕਾਰੀ ਤੂਫਾਨ ਦੱਸਿਆ ਜਾ ਰਿਹਾ ਹੈ।
ਡਿੱਗੇ ਹੋਏ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਬਿਜਲੀ ਸੰਕਟ ਦੇ ਚਲਦੇ ਮਿਸੀਸਿਪੀ ਯੂਨੀਵਰਸਿਟੀ ਵਿੱਚ ਪੂਰੇ ਹਫ਼ਤੇ ਲਈ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਬਰਫ਼ੀਲੇ ਮੌਸਮ ਕਾਰਨ ਹਵਾਈ ਯਾਤਰਾ ਸਭ ਤੋਂ ਵੱਧ ਪ੍ਰਭਾਵਿਤ ਰਹੀ। ਬੀਤੇ ਦਿਨ 8,000 ਤੋਂ ਵੱਧ ਉਡਾਣਾਂ ਰੱਦ ਜਾਂ ਦੇਰੀ ਨਾਲ ਚੱਲੀਆਂ, ਜਦਕਿ ਐਤਵਾਰ ਨੂੰ ਹਾਲਾਤ ਇੰਨੇ ਖਰਾਬ ਰਹੇ ਕਿ ਲਗਭਗ 45 ਫੀਸਦੀ ਉਡਾਣਾਂ ਉਡਾਣ ਭਰਨ ਦੇ ਯੋਗ ਨਹੀਂ ਸਨ।
ਰਿਪੋਰਟਾਂ ਮੁਤਾਬਕ ਮੌਤਾਂ ਸਿਰਫ਼ ਕੜੀ ਠੰਢ ਕਾਰਨ ਹੀ ਨਹੀਂ, ਸਗੋਂ ਵੱਖ-ਵੱਖ ਹਾਦਸਿਆਂ ਕਾਰਨ ਵੀ ਹੋਈਆਂ ਹਨ। ਮੈਸੇਚਿਊਸੇਟਸ ਵਿੱਚ ਬਰਫ਼ ਹਟਾਉਂਦੇ ਸਮੇਂ ਹਾਦਸੇ ਵਾਪਰੇ, ਜਦਕਿ ਅਰਕਾਨਸਾਸ ਅਤੇ ਟੈਕਸਾਸ ਵਿੱਚ ਸਲੈਡਿੰਗ ਦੌਰਾਨ ਹੋਏ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਚਲੀ ਗਈ।






