Thursday, August 13, 2026
Home World News ਕੈਨੇਡਾ ’ਚ ਪੰਜਾਬੀ ਮੂਲ ਦੇ ਵਿਅਕਤੀ ਦੀ ਰਿਹਾਈ ’ਤੇ ਰੋਕ, ਅਦਾਲਤ ਨੇ...

ਕੈਨੇਡਾ ’ਚ ਪੰਜਾਬੀ ਮੂਲ ਦੇ ਵਿਅਕਤੀ ਦੀ ਰਿਹਾਈ ’ਤੇ ਰੋਕ, ਅਦਾਲਤ ਨੇ ਹਿਰਾਸਤ ਜਾਰੀ ਰੱਖਣ ਦਾ ਦਿੱਤਾ ਹੁਕਮ

0
2

ਔਟਵਾ: ਕੈਨੇਡਾ ਦੀ ਫੈਡਰਲ ਅਦਾਲਤ ਨੇ ਪੰਜਾਬੀ ਮੂਲ ਦੇ ਕਰਮਵੀਰ ਸਿੰਘ ਨੂੰ ਰਿਹਾਅ ਕਰਨ ਸਬੰਧੀ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਕਰਮਵੀਰ ਸਿੰਘ ਫਿਲਹਾਲ ਹਿਰਾਸਤ ਵਿੱਚ ਹੀ ਰਹੇਗਾ।

ਜੱਜ ਫੂਂਗ ਐਨਗੋ ਨੇ ਇਹ ਫੈਸਲਾ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਵੱਲੋਂ ਕੀਤੀ ਗਈ ਅਪੀਲ ’ਤੇ ਸੁਣਾਇਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਕਰਮਵੀਰ ਸਿੰਘ ਭਾਰਤੀ ਨਾਗਰਿਕ ਹੈ ਅਤੇ ਸਾਲ 2012 ਦੇ ਇੱਕ ਕਤਲ ਮਾਮਲੇ ਵਿੱਚ ਭਾਰਤ ਵਿੱਚ ਲੋੜੀਂਦਾ ਦੱਸਿਆ ਗਿਆ ਹੈ। ਦਸਤਾਵੇਜ਼ਾਂ ਅਨੁਸਾਰ ਉਹ 2019 ਵਿੱਚ ਭਾਰਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅਮਰੀਕਾ ਚਲਾ ਗਿਆ ਸੀ ਅਤੇ ਜਨਵਰੀ 2025 ਵਿੱਚ ਕੈਨੇਡਾ ਪਹੁੰਚ ਕੇ ਸ਼ਰਨ ਦੀ ਮੰਗ ਕੀਤੀ ਸੀ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਦੌਰਾਨ ਕਰਮਵੀਰ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਆਪਣੀ ਸਿਆਸੀ ਵਿਚਾਰਧਾਰਾ ਅਤੇ ਕਥਿਤ ਖਾਲਿਸਤਾਨੀ ਗਤੀਵਿਧੀਆਂ ਕਾਰਨ ਭਾਰਤ ਵਿੱਚ ਖ਼ਤਰਾ ਹੈ। ਹਾਲਾਂਕਿ, ਅਦਾਲਤ ਵਿੱਚ ਉਸ ਦੇ ਕਥਿਤ ਅਪਰਾਧਿਕ ਸਬੰਧਾਂ ਅਤੇ ਜਨਤਕ ਸੁਰੱਖਿਆ ਨਾਲ ਜੁੜੇ ਮਾਮਲਿਆਂ ਨੂੰ ਵੀ ਵਿਚਾਰਿਆ ਗਿਆ।

ਅਦਾਲਤੀ ਟਿੱਪਣੀਆਂ ਵਿੱਚ ਕਰਮਵੀਰ ਸਿੰਘ ਦੇ ਕਥਿਤ ਤੌਰ ’ਤੇ ਬਿਸ਼ਨੋਈ ਗੈਂਗ ਨਾਲ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਉਹ ਅਪ੍ਰੈਲ 2025 ਤੋਂ ਪੰਜਾਬੀ ਗਾਇਕਾਂ ਤੋਂ ਕਥਿਤ ਜਬਰੀ ਵਸੂਲੀ ਨਾਲ ਜੁੜੇ ਮਾਮਲੇ ਵਿੱਚ ਕੈਨੇਡਾ ਪੁਲਿਸ ਦੀ ਹਿਰਾਸਤ ਵਿੱਚ ਹੈ।

ਮਾਮਲੇ ਵਿੱਚ ਏ.ਪੀ. ਢਿੱਲੋਂ ਨਾਲ ਜੁੜੀ ਸਤੰਬਰ 2024 ਦੀ ਗੋਲੀਬਾਰੀ ਅਤੇ ਅੱਗਜ਼ਨੀ ਦੀ ਘਟਨਾ ਦਾ ਵੀ ਜ਼ਿਕਰ ਸਾਹਮਣੇ ਆਇਆ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਜਾਂਚ ਦੌਰਾਨ ਇਸ ਘਟਨਾ ਦੇ ਹੁਕਮਾਂ ਨਾਲ ਕਰਮਵੀਰ ਦਾ ਕਥਿਤ ਸਬੰਧ ਸਾਹਮਣੇ ਆਇਆ ਸੀ।

ਅਦਾਲਤ ਨੇ ਉਸ ਦੀ ਰਿਹਾਈ ਲਈ ਉਸ ਦੀਆਂ ਭੈਣਾਂ ਅਤੇ ਜੀਜੇ ਵੱਲੋਂ ਮੁਹੱਈਆ ਕਰਵਾਏ ਗਏ ਫੰਡਾਂ ਦੇ ਸਰੋਤ ’ਤੇ ਵੀ ਸਵਾਲ ਉਠਾਏ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਜੱਜ ਨੇ ਰਿਹਾਈ ਦਾ ਪਹਿਲਾਂ ਦਿੱਤਾ ਗਿਆ ਫੈਸਲਾ ਰੱਦ ਕਰ ਦਿੱਤਾ।

ਫਿਲਹਾਲ ਕਰਮਵੀਰ ਸਿੰਘ ਖ਼ਿਲਾਫ਼ ਕੈਨੇਡਾ ਵਿੱਚ ਦੇਸ਼ ਨਿਕਾਲੇ ਦੀ ਕਾਰਵਾਈ ਵੀ ਚੱਲ ਰਹੀ ਹੈ ਅਤੇ ਉਹ ਹਿਰਾਸਤ ਵਿੱਚ ਰਹੇਗਾ।

 

LEAVE A REPLY

Please enter your comment!
Please enter your name here