ਬਰੈਂਪਟਨ, 15 ਨਵੰਬਰ 2026:
ਜਗਤ ਪੰਜਾਬੀ ਸਭਾ ਵੱਲੋਂ ਅੱਜ ਐਤਵਾਰ ਨੂੰ ਆਪਣੇ ਦਫ਼ਤਰ, 134 ਕੈਨੇਡੀ ਰੋਡ ਸਾਊਥ, ਬਰੈਂਪਟਨ ਵਿਖੇ ਪੁਰਾਣੇ ਕਬੱਡੀ ਖਿਡਾਰੀਆਂ ਅਤੇ ਪ੍ਰਮੋਟਰਾਂ ਦਾ ਵਿਸ਼ੇਸ਼ ਇਕੱਠ ਕੀਤਾ ਗਿਆ। ਇਸ ਮੌਕੇ ਬਰੈਂਪਟਨ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਪੁਰਾਣੇ ਕਬੱਡੀ ਖਿਡਾਰੀਆਂ ਅਤੇ ਖੇਡ ਪ੍ਰਮੋਟਰਾਂ ਨੇ ਸ਼ਮੂਲੀਅਤ ਕੀਤੀ।
ਇਸ ਇਕੱਠ ਵਿੱਚ ਸਰਦੂਲ ਸਿੰਘ ਥਿਆੜਾ, ਗੁਰਨਾਮ ਸਿੰਘ ਗੁਰਾਇਆ, ਭੁਪਿੰਦਰ ਸਿੰਘ ਭੋਡੇ, ਦਰਸ਼ਨ ਸਿੰਘ ਗਿੱਲ, ਤੋਚੀ ਸੰਘਾ, ਬਾਘਾ, ਸਵਰਨਾ ਵੈਲੀ, ਬਲਰਾਜ ਸਿੰਘ ਸਿੱਧੂ, ਅਵਤਾਰ ਸਿੰਘ ਪੂਨੀਆ, ਸੰਜੀਤ ਸਿੰਘ, ਛਿੰਦਾ ਨਾਗਰਾ, ਰੇਸ਼ਮ ਸਿੰਘ ਬਾਸੀ, ਅਜਮੇਰ ਗਰੇਵਾਲ, ਸੀਤਲ ਸਿੰਘ ਢਿੱਲੋਂ, ਬਲਵੰਤ ਸਿੰਘ, ਪਰਮਜੀਤ ਸਿੰਘ ਤੂਰ, ਵਰਿੰਦਰ ਸਹੋਤਾ, ਗਗਨਪ੍ਰੀਤ ਸਿੰਘ ਦਿਓਲ, ਭਜਨ ਸਿੰਘ ਥਿੰਦ, ਗੁਰਸੇਵਕ ਸਿੰਘ, ਅਨੁਦੀਪ ਗੁਰਦਾਸਪੁਰੀਆ, ਅਵਤਾਰ ਸਿੰਘ ਬਡਿਆਲ, ਗੁਰਦੀਪ ਸਿੰਘ ਢਿੱਲੋਂ, ਜਤਿੰਦਰ ਸਿੰਘ ਡਡਵਿੰਡੀ, ਬਲਦੇਵ ਸਿੰਘ ਮੁੰਡੀ, ਡਾ. ਪ੍ਰਦੀਪ ਅੱਗਰਵਾਲ, ਤਰਲੋਕ ਸਿੰਘ ਕਾਹਲੋਂ, ਨਛੱਤਰ ਸਿੰਘ ਮਾਨ ਅਤੇ ਅਜੈਬ ਸਿੰਘ ਚੱਠਾ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।
ਸਟੇਜ ਦਾ ਸੰਚਾਲਨ ਸੰਤੋਖ ਸਿੰਘ ਸੰਧੂ ਨੇ ਬਾਖੂਬੀ ਕੀਤਾ। ਉਨ੍ਹਾਂ ਨੇ ਇਕੱਠ ਦੇ ਮੰਤਵ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਤ ਪੰਜਾਬੀ ਸਭਾ ਵੱਲੋਂ 1950 ਤੋਂ 2000 ਤੱਕ ਕਬੱਡੀ ਖੇਡਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ 13 ਅਤੇ 14 ਫਰਵਰੀ 2027 ਨੂੰ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਨੇ ਹਾਜ਼ਰ ਖਿਡਾਰੀਆਂ ਅਤੇ ਪ੍ਰਮੋਟਰਾਂ ਤੋਂ ਸੁਝਾਅ ਅਤੇ ਸਹਿਯੋਗ ਦੀ ਮੰਗ ਕੀਤੀ।
ਇਸ ਮੌਕੇ ਹਰੇਕ ਹਾਜ਼ਰੀਨ ਨੇ ਆਪਣੀ ਜਾਣ-ਪਛਾਣ ਕਰਵਾਈ ਅਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜਗਤ ਪੰਜਾਬੀ ਸਭਾ ਨੂੰ ਵਧਾਈ ਦਿੱਤੀ। ਸਾਰਿਆਂ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਕਈ ਮੈਂਬਰਾਂ ਨੇ ਇਸ ਮੌਕੇ ਆਰਥਿਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
ਸਾਰੇ ਪੁਰਾਣੇ ਖਿਡਾਰੀ ਲੰਮੇ ਸਮੇਂ ਬਾਅਦ ਇੱਕ-ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਨਜ਼ਰ ਆਏ। ਪ੍ਰੋਜੈਕਟਰ ਰਾਹੀਂ ਪੁਰਾਣੇ ਕਬੱਡੀ ਖਿਡਾਰੀਆਂ ਅਤੇ ਪ੍ਰਮੋਟਰਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ। ਇਸ ਤੋਂ ਬਾਅਦ ਸਮੂਹ ਹਾਜ਼ਰੀਨ ਦੀ ਗਰੁੱਪ ਫੋਟੋ ਵੀ ਖਿੱਚੀ ਗਈ।
ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਪੁਰਾਣੇ ਖਿਡਾਰੀਆਂ ਅਤੇ ਕਬੱਡੀ ਪ੍ਰਮੋਟਰਾਂ ਨੂੰ ਸਨਮਾਨਿਤ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਦਾ ਵਿਚਾਰ ਸੀ ਕਿ ਪੁਰਾਣੇ ਨਾਮਵਰ ਖਿਡਾਰੀਆਂ ਅਤੇ ਪ੍ਰਮੋਟਰਾਂ ਦੀਆਂ ਡਾਕੂਮੈਂਟਰੀਆਂ ਤਿਆਰ ਕਰਕੇ ਉਨ੍ਹਾਂ ਦੇ ਜੀਵਨ ਅਤੇ ਖੇਡ ਪ੍ਰਾਪਤੀਆਂ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ। ਇਸ ਨਾਲ ਪੁਰਾਣੀਆਂ ਪੀੜ੍ਹੀਆਂ ਦਾ ਸਤਿਕਾਰ ਹੋਵੇਗਾ ਅਤੇ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਮਿਲੇਗੀ।
ਇਸ ਮੌਕੇ ਸਰਦੂਲ ਸਿੰਘ ਥਿਆੜਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਹਿਲਾ ਇਕੱਠ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਵਰਿੰਦਰ ਪ੍ਰਤਾਪ ਸਿੰਘ ਮਾਲੜੀ ਵੱਲੋਂ ਕੀਤਾ ਗਿਆ ਸੀ। ਇਸ ਤੋਂ ਬਾਅਦ ਬਰੈਂਪਟਨ ਵਿਖੇ ਇਹ ਇਕੱਠ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਗਲਾ ਇਕੱਠ ਇੰਗਲੈਂਡ ਵਿਖੇ ਅਤੇ ਦਸੰਬਰ ਮਹੀਨੇ ਵਿੱਚ ਪੰਜਾਬ ਵਿਖੇ ਕੀਤਾ ਜਾਵੇਗਾ।
ਅੰਤ ਵਿੱਚ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਸਾਰੇ ਖਿਡਾਰੀਆਂ, ਪ੍ਰਮੋਟਰਾਂ ਅਤੇ ਪਤਵੰਤਿਆਂ ਦਾ ਇਕੱਠ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਸਾਰੇ ਪੁਰਾਣੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ 14 ਫਰਵਰੀ 2027 ਨੂੰ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਹੋਣ ਵਾਲੇ ਸਮਾਗਮ ਵਿੱਚ ਜ਼ਰੂਰ ਸ਼ਾਮਲ ਹੋਣ ਅਤੇ ਇਸ ਇਤਿਹਾਸਕ ਉਪਰਾਲੇ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਭਰਵੇਂ ਇਕੱਠ ਅਤੇ ਮਿਲੇ ਭਰਪੂਰ ਹੁੰਗਾਰੇ ਨਾਲ ਫਰਵਰੀ 2027 ਦੇ ਸਮਾਗਮ ਦੀ ਸਫ਼ਲਤਾ ਪ੍ਰਤੀ ਨਵਾਂ ਉਤਸ਼ਾਹ ਅਤੇ ਵਿਸ਼ਵਾਸ ਪੈਦਾ ਹੋਇਆ ਹੈ। ਜਗਤ ਪੰਜਾਬੀ ਸਭਾ ਦਾ ਇਹ ਉਪਰਾਲਾ ਪੰਜਾਬੀ ਕਬੱਡੀ ਦੇ ਸੁਨਹਿਰੀ ਇਤਿਹਾਸ ਨੂੰ ਸੰਭਾਲਣ ਅਤੇ ਪੁਰਾਣੇ ਖਿਡਾਰੀਆਂ ਦੇ ਯੋਗਦਾਨ ਨੂੰ ਬਣਦਾ ਮਾਣ-ਸਤਿਕਾਰ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ।



