ਵੈਨਕੂਵਰ: ਕੈਨੇਡਾ ਦੇ ਓਂਟਾਰੀਓ ਸੂਬੇ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ 52 ਸਾਲਾ ਪੰਜਾਬੀ ਵਕੀਲ ਪਵਨਜੀਤ ਸਿੰਘ ਮਾਨ ਨੂੰ ਜਾਇਦਾਦ ਦੀ ਖ਼ਰੀਦ-ਵੇਚ ਨਾਲ ਜੁੜੇ ਮਾਮਲਿਆਂ ਵਿੱਚ ਕਥਿਤ 43 ਲੱਖ ਕੈਨੇਡੀਅਨ ਡਾਲਰ (ਲਗਭਗ 30 ਕਰੋੜ ਰੁਪਏ) ਦੀ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਵਕਾਲਤ ਲਾਇਸੈਂਸ ਪਹਿਲਾਂ ਹੀ ਲਾਅ ਸੁਸਾਇਟੀ ਵੱਲੋਂ ਰੱਦ ਕੀਤਾ ਜਾ ਚੁੱਕਾ ਸੀ।
ਪੁਲੀਸ ਮੁਤਾਬਕ ਮਾਨ ‘ਪੀ ਜੇ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ’ ਦੇ ਨਾਂ ਹੇਠ ਜਾਇਦਾਦਾਂ ਦੀ ਖ਼ਰੀਦ-ਵੇਚ ਨਾਲ ਸਬੰਧਤ ਕਾਨੂੰਨੀ ਕੰਮ ਕਰਦਾ ਸੀ। ਜਾਂਚ ਦੌਰਾਨ ਦੋਸ਼ ਲੱਗਾ ਕਿ ਉਸ ਨੇ ਜਾਇਦਾਦ ਸੌਦਿਆਂ ਲਈ ਵਰਤੇ ਜਾਂਦੇ ਟਰੱਸਟ ਬੈਂਕ ਖ਼ਾਤੇ ਦੀ ਕਥਿਤ ਤੌਰ ’ਤੇ ਦੁਰਵਰਤੋਂ ਕੀਤੀ ਅਤੇ ਖ਼ਰੀਦਦਾਰਾਂ ਤੇ ਵਿਕਰੇਤਾਵਾਂ ਦੀ ਵੱਡੀ ਰਕਮ ਨਾਲ ਧੋਖਾਧੜੀ ਕੀਤੀ।
ਪੁਲੀਸ ਨੇ ਉਸ ਵਿਰੁੱਧ ਧੋਖਾਧੜੀ ਨਾਲ ਸਬੰਧਤ ਚਾਰ ਦੋਸ਼ ਦਰਜ ਕੀਤੇ ਹਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਹੋਰ ਲੋਕ ਵੀ ਪੀੜਤ ਹੋ ਸਕਦੇ ਹਨ। ਪੁਲੀਸ ਨੇ ਅਜਿਹੇ ਵਿਅਕਤੀਆਂ ਨੂੰ ਸਾਹਮਣੇ ਆ ਕੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
ਪੁਲੀਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜਾਇਦਾਦੀ ਸੌਦਿਆਂ ਦੌਰਾਨ ਪੈਸੇ ਦਾ ਲੈਣ-ਦੇਣ ਕਰਨ ਤੋਂ ਪਹਿਲਾਂ ਵਕੀਲ ਅਤੇ ਟਰੱਸਟ ਖ਼ਾਤੇ ਦੀ ਜਾਣਕਾਰੀ ਲਾਅ ਸੁਸਾਇਟੀ ਤੋਂ ਜ਼ਰੂਰ ਤਸਦੀਕ ਕਰਨ।






