ਕੇਰਲਾ: ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪੀ.ਟੀ. ਊਸ਼ਾ ਦੇ ਪਤੀ ਵੀ. ਸ਼੍ਰੀਨਿਵਾਸਨ ਦਾ ਸ਼ੁੱਕਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 67 ਸਾਲ ਦੇ ਸਨ। ਪ੍ਰਾਪਤ ਜਾਣਕਾਰੀ ਮੁਤਾਬਕ, ਸ਼੍ਰੀਨਿਵਾਸਨ ਸਵੇਰੇ ਆਪਣੇ ਘਰ ਵਿੱਚ ਅਚਾਨਕ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।
ਵੀ. ਸ਼੍ਰੀਨਿਵਾਸਨ ਕੇਂਦਰੀ ਸਰਕਾਰ ਦੇ ਸਾਬਕਾ ਕਰਮਚਾਰੀ ਰਹੇ ਹਨ। ਪੀ.ਟੀ. ਊਸ਼ਾ ਦੇ ਸ਼ਾਨਦਾਰ ਖੇਡ ਅਤੇ ਰਾਜਨੀਤਿਕ ਕਰੀਅਰ ਦੌਰਾਨ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਦੀਆਂ ਕਈ ਉਪਲਬਧੀਆਂ ਦੇ ਪਿੱਛੇ ਪ੍ਰੇਰਣਾ ਦਾ ਸਰੋਤ ਮੰਨੇ ਜਾਂਦੇ ਸਨ। ਖੇਡ ਜਗਤ ਅਤੇ ਰਾਜਨੀਤਿਕ ਵਰਗ ਵਿੱਚ ਉਨ੍ਹਾਂ ਦੀ ਮੌਤ ਨਾਲ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਧਾਨ ਮੰਤਰੀ ਵੱਲੋਂ ਸੰਵੇਦਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਮੈਂਬਰ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ.ਟੀ. ਊਸ਼ਾ ਨਾਲ ਫ਼ੋਨ ’ਤੇ ਗੱਲ ਕਰਕੇ ਉਨ੍ਹਾਂ ਦੇ ਪਤੀ ਦੇ ਦੇਹਾਂਤ ’ਤੇ ਡੂੰਘਾ ਦੁੱਖ ਅਤੇ ਸੰਵੇਦਨਾ ਪ੍ਰਗਟ ਕੀਤੀ।
ਕਿਰਨ ਰਿਜਿਜੂ ਨੇ ਜਤਾਇਆ ਦੁੱਖ
ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਵੀ. ਸ਼੍ਰੀਨਿਵਾਸਨ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਖ਼ਬਰ ਬਹੁਤ ਦੁਖਦਾਈ ਹੈ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਪੀ.ਟੀ. ਊਸ਼ਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਜਤਾਈ ਅਤੇ ਇਸ ਦੁੱਖਦਾਈ ਸਮੇਂ ਵਿੱਚ ਪਰਿਵਾਰ ਨੂੰ ਹੌਂਸਲਾ ਮਿਲਣ ਦੀ ਪ੍ਰਾਰਥਨਾ ਕੀਤੀ।







