Friday, July 17, 2026
Home Haryana News ਪ੍ਰਧਾਨ ਮੰਤਰੀ ਮੋਦੀ ਨੇ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ...

ਪ੍ਰਧਾਨ ਮੰਤਰੀ ਮੋਦੀ ਨੇ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਈ ਹਰੀ ਝੰਡੀ, ਰੇਲਵੇ ਲਈ ਇਤਿਹਾਸਕ ਦਿਨ

0
3

ਜੀਂਦ (ਹਰਿਆਣਾ): ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਧਿਆਏ ਜੁੜ ਗਿਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਜੀਂਦ ਅਤੇ ਸੋਨੀਪਤ ਦਰਮਿਆਨ 90 ਕਿਲੋਮੀਟਰ ਦੇ ਰੂਟ ‘ਤੇ ਚੱਲੇਗੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਜੀਂਦ ਵਿੱਚ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਰੇਲਵੇ, ਬੁਨਿਆਦੀ ਢਾਂਚੇ, ਸਵੱਛਤਾ, ਖੇਡਾਂ ਅਤੇ ਕਿਸਾਨ ਭਲਾਈ ਨਾਲ ਜੁੜੇ ਕਈ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕੀਤੀ। ਉਨ੍ਹਾਂ ਜੀਂਦ ਵਿੱਚ ਚੱਲ ਰਹੀ ਸਵੱਛਤਾ ਮੁਹਿੰਮ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਸਵੱਛਤਾ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਹਰ ਨਾਗਰਿਕ ਸਫ਼ਾਈ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਏ ਤਾਂ ਸ਼ਹਿਰ ਅਤੇ ਸੂਬਾ ਹਮੇਸ਼ਾ ਸਾਫ਼-ਸੁਥਰਾ ਰਹਿ ਸਕਦਾ ਹੈ।

ਰੇਲਵੇ ਦੇ ਆਧੁਨਿਕੀਕਰਨ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਹਾਈਡ੍ਰੋਜਨ ਟ੍ਰੇਨਾਂ ਦੀ ਸਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਦੀ ਇਹ ਹਾਈਡ੍ਰੋਜਨ ਟ੍ਰੇਨ 3200 ਹਾਰਸ ਪਾਵਰ ਸਮਰੱਥਾ ਵਾਲੀ ਹੈ ਅਤੇ ਇਹ ਧੂੰਆਂ ਰਹਿਤ ਅਤੇ ਵਾਤਾਵਰਣ ਪੱਖੋਂ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਇਸ ਟ੍ਰੇਨ ਦਾ ਡਿਜ਼ਾਈਨ ਭਾਰਤੀ ਇੰਜੀਨੀਅਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ‘ਮੇਕ ਇਨ ਇੰਡੀਆ’ ਮੁਹਿੰਮ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਈਡ੍ਰੋਜਨ ਤਕਨਾਲੋਜੀ ਦੇ ਵਿਸਥਾਰ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰਮੁਜ਼ ਸਮੁੰਦਰੀ ਰਸਤੇ ਵਿੱਚ ਪੈਦਾ ਹੋਏ ਸੰਕਟ ਕਾਰਨ ਕੱਚੇ ਤੇਲ ਅਤੇ ਐਲਪੀਜੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ 99 ਫੀਸਦੀ ਰੇਲ ਨੈੱਟਵਰਕ ਦਾ ਬਿਜਲੀਕਰਨ ਹੋ ਚੁੱਕਾ ਹੈ, ਜਦਕਿ ਹਰਿਆਣਾ ਵਿੱਚ ਇਹ ਕੰਮ 100 ਫੀਸਦੀ ਪੂਰਾ ਹੋ ਗਿਆ ਹੈ। ਇਸ ਕਾਰਨ ਤੇਲ ਸੰਕਟ ਦੇ ਬਾਵਜੂਦ ਰੇਲ ਸੇਵਾਵਾਂ ਅਤੇ ਵਿਕਾਸ ਕਾਰਜ ਪ੍ਰਭਾਵਿਤ ਨਹੀਂ ਹੋਏ।

ਇਸ ਮੌਕੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਹਰਿਆਣਾ ਹਿੱਸੇ, ਜੀਂਦ-ਗੋਹਾਨਾ ਨੈਸ਼ਨਲ ਹਾਈਵੇਅ ਅਤੇ ਕਾਲਾ ਅੰਬ ਫੋਰਲੇਨ ਸਮੇਤ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕ ਅਰਪਣ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਜੀਂਦ ਦੀ ਕਨੈਕਟੀਵਿਟੀ ਵਿੱਚ ਵੱਡਾ ਸੁਧਾਰ ਹੋਵੇਗਾ ਅਤੇ ਕਿਸਾਨਾਂ, ਪਸ਼ੂ ਪਾਲਕਾਂ, ਵਪਾਰੀਆਂ ਅਤੇ ਉਦਯੋਗਾਂ ਨੂੰ ਸਿੱਧਾ ਲਾਭ ਮਿਲੇਗਾ।

ਖੇਡਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੌਰਾਨ ਖੇਡ ਸਹਿਯੋਗ ਸਬੰਧੀ ਮਹੱਤਵਪੂਰਨ ਸਮਝੌਤੇ ਕੀਤੇ ਗਏ ਹਨ। ਉਨ੍ਹਾਂ ਭਰੋਸਾ ਜਤਾਇਆ ਕਿ 2036 ਓਲੰਪਿਕ ਦੀ ਮੇਜ਼ਬਾਨੀ ਲਈ ਭਾਰਤ ਦੀ ਤਿਆਰੀ ਵਿੱਚ ਹਰਿਆਣਾ ਦੇ ਖਿਡਾਰੀਆਂ ਦੀ ਅਹਿਮ ਭੂਮਿਕਾ ਹੋਵੇਗੀ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ‘ਪੀਐਮ ਕਿਸਾਨ ਸਨਮਾਨ ਨਿਧੀ’ ਤਹਿਤ ਹਰਿਆਣਾ ਦੇ ਕਿਸਾਨਾਂ ਨੂੰ 8,000 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ, ਜਿਸ ਵਿੱਚੋਂ ਲਗਭਗ 600 ਕਰੋੜ ਰੁਪਏ ਜੀਂਦ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਲੇ ਹਨ। ਉਨ੍ਹਾਂ ਜੀਂਦ ਦੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਦਾ ਜ਼ਿਕਰ ਕਰਦਿਆਂ ਮਹਾਰਾਜਾ ਰਣਜੀਤ ਸਿੰਘ, ਪਾਂਡਵਾਂ ਅਤੇ ਰਾਮ ਰਾਏ ਤੀਰਥ ਨੂੰ ਯਾਦ ਕੀਤਾ ਅਤੇ ਦੇਸ਼ ਵਾਸੀਆਂ ਨੂੰ ਪਹਿਲੀ ਹਾਈਡ੍ਰੋਜਨ ਟ੍ਰੇਨ ਦੀ ਸ਼ੁਰੂਆਤ ਲਈ ਵਧਾਈ ਦਿੱਤੀ।

LEAVE A REPLY

Please enter your comment!
Please enter your name here