ਨਿਊਯਾਰਕ: ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਕਥਿਤ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਦੋਸ਼ ਕਬੂਲ ਕਰ ਚੁੱਕੇ ਨਿਖਿਲ ਗੁਪਤਾ ਨੂੰ ਅਮਰੀਕਾ ਦੀ ਸੰਘੀ ਅਦਾਲਤ 20 ਨਵੰਬਰ ਨੂੰ ਸਜ਼ਾ ਸੁਣਾਏਗੀ। ਨਿਊਯਾਰਕ ਦੇ ਸਦਰਨ ਡਿਸਟ੍ਰਿਕਟ ਦੀ ਅਦਾਲਤ ਨੇ ਪਹਿਲਾਂ ਗੁਪਤਾ ਦੀ ਸਜ਼ਾ ਲਈ 25 ਸਤੰਬਰ ਦੀ ਤਾਰੀਖ਼ ਤੈਅ ਕੀਤੀ ਸੀ, ਪਰ ਮਾਮਲੇ ਵਿੱਚ ਕਥਿਤ ਨਿਸ਼ਾਨਾ ਬਣੇ ਵਿਅਕਤੀ ਦੀ ਬੇਨਤੀ ਤੋਂ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ ਗਈ।
ਸਰਕਾਰੀ ਵਕੀਲਾਂ ਵੱਲੋਂ ਅਦਾਲਤ ਵਿੱਚ ਦਾਇਰ ਪੱਤਰ ਮੁਤਾਬਕ, ਪੀੜਤ ਸਜ਼ਾ ਸੁਣਾਏ ਜਾਣ ਦੀ ਕਾਰਵਾਈ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ। ਉਸ ਨੇ ਦੱਸਿਆ ਸੀ ਕਿ 25 ਸਤੰਬਰ ਨੂੰ ਉਹ ਦੇਸ਼ ਤੋਂ ਬਾਹਰ ਹੋਵੇਗਾ, ਜਿਸ ਕਾਰਨ ਸੁਣਵਾਈ ਮੁਲਤਵੀ ਕਰਨ ਦੀ ਮੰਗ ਕੀਤੀ ਗਈ। ਜੱਜ ਵਿਕਟਰ ਮਾਰੇਰੋ ਨੇ ਬੇਨਤੀ ਮਨਜ਼ੂਰ ਕਰਦਿਆਂ ਹੁਣ 20 ਨਵੰਬਰ ਨੂੰ ਸਵੇਰੇ 10 ਵਜੇ ਸਜ਼ਾ ਸੁਣਾਉਣ ਦੀ ਤਾਰੀਖ਼ ਨਿਰਧਾਰਤ ਕੀਤੀ ਹੈ।
ਅਦਾਲਤੀ ਦਸਤਾਵੇਜ਼ਾਂ ਵਿੱਚ ਪੀੜਤ ਦਾ ਨਾਂ ਸਿੱਧੇ ਤੌਰ ’ਤੇ ਨਹੀਂ ਦੱਸਿਆ ਗਿਆ ਹੈ। ਹਾਲਾਂਕਿ, ਪੰਨੂ ਦੇ ਵਕੀਲ ਵੱਲੋਂ ਜਨਤਕ ਤੌਰ ’ਤੇ ਕਿਹਾ ਗਿਆ ਹੈ ਕਿ ਕਥਿਤ ਸੁਪਾਰੀ ਦੇ ਕੇ ਕਤਲ ਦੀ ਸਾਜ਼ਿਸ਼ ਵਿੱਚ ਪੰਨੂ ਹੀ ਨਿਸ਼ਾਨੇ ’ਤੇ ਸੀ।
ਤਿੰਨ ਦੋਸ਼ਾਂ ਵਿੱਚ ਕਬੂਲਿਆ ਜੁਰਮ
ਨਿਖਿਲ ਗੁਪਤਾ ਨੇ 13 ਫ਼ਰਵਰੀ ਨੂੰ ਅਦਾਲਤ ਵਿੱਚ ਪੰਨੂ ਦੀ ਕਥਿਤ ਹੱਤਿਆ ਦੀ ਸਾਜ਼ਿਸ਼ ਨਾਲ ਜੁੜੇ ਤਿੰਨ ਦੋਸ਼ ਕਬੂਲ ਕੀਤੇ ਸਨ। ਇਨ੍ਹਾਂ ਵਿੱਚ ਸੁਪਾਰੀ ਦੇ ਕੇ ਕਤਲ ਕਰਵਾਉਣਾ, ਕਤਲ ਦੀ ਸਾਜ਼ਿਸ਼ ਰਚਣਾ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਸ਼ਾਮਲ ਹੈ।
ਅਮਰੀਕੀ ਕਾਨੂੰਨ ਤਹਿਤ ਸੁਪਾਰੀ ਦੇ ਕੇ ਕਤਲ ਕਰਵਾਉਣ ਦੇ ਦੋਸ਼ ਵਿੱਚ ਵੱਧ ਤੋਂ ਵੱਧ 10 ਸਾਲ, ਕਤਲ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਵੱਧ ਤੋਂ ਵੱਧ 10 ਸਾਲ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਲਈ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਲਗਭਗ ਇੱਕ ਸਾਲ ਬਾਅਦ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਹੁਣ 20 ਨਵੰਬਰ ਨੂੰ ਹੋਣ ਵਾਲੀ ਸੁਣਵਾਈ ਵਿੱਚ ਅਦਾਲਤ ਉਸ ਨੂੰ ਇਸ ਮਾਮਲੇ ਵਿੱਚ ਅੰਤਿਮ ਸਜ਼ਾ ਸੁਣਾਏਗੀ।






