ਮੌਂਟਰੀਆਲ, 6 ਜੁਲਾਈ 2026: ਕੈਨੇਡਾ ਦੇ ਕਿਊਬੈਕ ਸੂਬੇ ਵਿੱਚ ਮੌਂਟਰੀਆਲ ਨੇੜੇ ਐਤਵਾਰ ਸ਼ਾਮ ਇੱਕ ਵੱਡਾ ਰੇਲ ਹਾਦਸਾ ਵਾਪਰਿਆ, ਜਦੋਂ ਕੈਨੇਡੀਅਨ ਨੈਸ਼ਨਲ (ਸੀਐਨ) ਰੇਲਵੇ ਦੀ ਮਾਲ ਗੱਡੀ ਦੇ ਕਰੀਬ 20 ਡੱਬੇ ਪਟੜੀ ਤੋਂ ਉਤਰ ਗਏ। ਹਾਦਸਾ ਰਿਪੈਂਟਿਗਨੀ (Repentigny) ਸ਼ਹਿਰ ਨੇੜੇ ਵਾਪਰਿਆ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ।
ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਫੈਲੀ ਸ਼ੁਰੂਆਤੀ ਜਾਣਕਾਰੀ ਵਿੱਚ ਦਾਅਵਾ ਕੀਤਾ ਗਿਆ ਕਿ ਕੁਝ ਡੱਬਿਆਂ ਵਿੱਚ ਵਿਸਫੋਟਕ ਸਮੱਗਰੀ ਹੋ ਸਕਦੀ ਹੈ। ਹਾਲਾਂਕਿ ਸਥਾਨਕ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦਾ ਧਮਾਕਾ, ਅੱਗ ਜਾਂ ਖਤਰਨਾਕ ਰਸਾਇਣ ਦਾ ਰਿਸਾਅ ਨਹੀਂ ਹੋਇਆ। ਇਸ ਕਾਰਨ ਵੱਡੇ ਹਾਦਸੇ ਤੋਂ ਬਚਾਅ ਰਿਹਾ।
ਰਿਪੈਂਟਿਗਨੀ ਪ੍ਰਸ਼ਾਸਨ ਮੁਤਾਬਕ ਹਾਦਸੇ ਕਾਰਨ ਨੇੜਲੇ ਬਿਜਲੀ ਢਾਂਚੇ ਨੂੰ ਨੁਕਸਾਨ ਪਹੁੰਚਿਆ, ਜਿਸ ਨਾਲ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਸੁਰੱਖਿਆ ਦੇ ਮੱਦੇਨਜ਼ਰ ਕੁਝ ਸੜਕਾਂ ਨੂੰ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ, ਜਦਕਿ ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਇਲਾਕੇ ਨੂੰ ਘੇਰ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਪਟੜੀ ਤੋਂ ਉਤਰੇ ਡੱਬਿਆਂ ਨੂੰ ਹਟਾਉਣ ਅਤੇ ਰੇਲ ਆਵਾਜਾਈ ਨੂੰ ਮੁੜ ਬਹਾਲ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀਆਂ ਹਨ।
ਸੀਐਨ ਰੇਲਵੇ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਤੌਰ ‘ਤੇ ਤਕਨੀਕੀ ਖ਼ਰਾਬੀ ਜਾਂ ਪਟੜੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਬਾਰੇ ਜਾਣਕਾਰੀ ਸਾਹਮਣੇ ਆਵੇਗੀ।







