ਭਾਰਤ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਇਆ ਜਾ ਰਿਹਾ ਨਸ਼ਾ ਮੁਕਤ ਭਾਰਤ ਅਭਿਆਨ (NMBA) ਦੇਸ਼ ਭਰ ਵਿੱਚ ਇੱਕ ਵੱਡੀ ਜਨ-ਜਾਗਰੂਕਤਾ ਮੁਹਿੰਮ ਬਣ ਚੁੱਕਾ ਹੈ। ਇਸ ਮੁਹਿੰਮ ਰਾਹੀਂ ਹੁਣ ਤੱਕ 23 ਕਰੋੜ ਤੋਂ ਵੱਧ ਲੋਕਾਂ ਤੱਕ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਦਾ ਸੰਦੇਸ਼ ਪਹੁੰਚਾਇਆ ਗਿਆ ਹੈ। ਇਸ ਵਿੱਚ 7.81 ਕਰੋੜ ਤੋਂ ਵੱਧ ਨੌਜਵਾਨ, 5.24 ਕਰੋੜ ਔਰਤਾਂ ਅਤੇ 17 ਲੱਖ ਵਿਦਿਅਕ ਸੰਸਥਾਵਾਂ ਦੀ ਭਾਗੀਦਾਰੀ ਸ਼ਾਮਲ ਹੈ।
ਇਹ ਮੁਹਿੰਮ 15 ਅਗਸਤ 2020 ਨੂੰ ਸ਼ੁਰੂ ਕੀਤੀ ਗਈ ਸੀ ਅਤੇ ਸ਼ੁਰੂਆਤ ਵਿੱਚ ਦੇਸ਼ ਦੇ 272 ਸੰਵੇਦਨਸ਼ੀਲ ਜ਼ਿਲ੍ਹਿਆਂ ‘ਤੇ ਕੇਂਦਰਿਤ ਸੀ। ਬਾਅਦ ਵਿੱਚ ਇਸ ਦਾ ਵਿਸਥਾਰ ਦੇਸ਼ ਭਰ ਵਿੱਚ ਕੀਤਾ ਗਿਆ। ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ, ਨਸ਼ਾ ਪੀੜਤ ਲੋਕਾਂ ਨੂੰ ਇਲਾਜ ਅਤੇ ਪੁਨਰਵਾਸ ਨਾਲ ਜੋੜਨਾ ਅਤੇ ਇੱਕ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨਾ ਹੈ।
ਸਰਕਾਰ ਵੱਲੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਭਾਈਚਾਰਕ ਪੱਧਰ ‘ਤੇ ਜਾਗਰੂਕਤਾ ਰੈਲੀਆਂ, ਸਹੁੰ ਸਮਾਗਮ, ਖੇਡ ਗਤੀਵਿਧੀਆਂ, ਪੋਸਟਰ ਮੁਕਾਬਲੇ ਅਤੇ ਹੋਰ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਮੁਹਿੰਮ ਵਿੱਚ ਨੌਜਵਾਨਾਂ ਅਤੇ ਔਰਤਾਂ ਦੀ ਭੂਮਿਕਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ, ਤਾਂ ਜੋ ਨਸ਼ਿਆਂ ਵਿਰੁੱਧ ਇੱਕ ਮਜ਼ਬੂਤ ਸਮਾਜਿਕ ਲਹਿਰ ਖੜ੍ਹੀ ਕੀਤੀ ਜਾ ਸਕੇ।







