ਮਿਆਂਮਾਰ: ਉੱਤਰ-ਪੂਰਬੀ ਮਿਆਂਮਾਰ ਦੇ ਨਾਮਖਮ ਕਸਬੇ ਨੇੜੇ ਕਾਉਂਗਟੁਪ ਪਿੰਡ ਵਿੱਚ ਇੱਕ ਇਮਾਰਤ ਵਿੱਚ ਹੋਏ ਭਿਆਨਕ ਧਮਾਕੇ ਕਾਰਨ 45 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਕਰੀਬ 70 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਸਥਾਨਕ ਬਚਾਅ ਕਰਮਚਾਰੀਆਂ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਇਹ ਧਮਾਕਾ ਐਤਵਾਰ ਦੁਪਹਿਰ ਵਾਪਰਿਆ।
ਜਾਣਕਾਰੀ ਅਨੁਸਾਰ, ਧਮਾਕਾ ਉਸ ਇਮਾਰਤ ਵਿੱਚ ਹੋਇਆ ਜਿਸ ਦੀ ਵਰਤੋਂ ਮਾਈਨਿੰਗ ਗਤੀਵਿਧੀਆਂ ਲਈ ਵਿਸਫੋਟਕ ਸਮੱਗਰੀ ਸਟੋਰ ਕਰਨ ਵਾਸਤੇ ਕੀਤੀ ਜਾ ਰਹੀ ਸੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦਾ ਇਲਾਕਾ ਹਿੱਲ ਗਿਆ ਅਤੇ ਨੇੜਲੇ ਕਈ ਘਰ ਵੀ ਨੁਕਸਾਨੇ ਗਏ।
ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਸ਼ਾਮ ਤੱਕ 46 ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਸਨ, ਜਿਨ੍ਹਾਂ ਵਿੱਚ ਛੇ ਬੱਚੇ ਵੀ ਸ਼ਾਮਲ ਹਨ। ਜ਼ਖ਼ਮੀ ਹੋਏ 74 ਲੋਕਾਂ ਨੂੰ ਨਾਮਖਮ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਧਮਾਕੇ ਵਾਲਾ ਇਲਾਕਾ ਚੀਨ ਦੀ ਸਰਹੱਦ ਤੋਂ ਲਗਭਗ ਤਿੰਨ ਕਿਲੋਮੀਟਰ ਦੱਖਣ ਵੱਲ ਸਥਿਤ ਹੈ ਅਤੇ ਇਸ ਸਮੇਂ ਤਾਆਂਗ ਨੈਸ਼ਨਲ ਲਿਬਰੇਸ਼ਨ ਆਰਮੀ (ਟੀਐਨਐਲਏ) ਦੇ ਕਬਜ਼ੇ ਹੇਠ ਹੈ। ਇਹ ਨਸਲੀ ਹਥਿਆਰਬੰਦ ਸਮੂਹ ਮਿਆਂਮਾਰ ਦੀ ਕੇਂਦਰੀ ਸਰਕਾਰ ਨਾਲ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੈ।
ਇੱਕ ਹੋਰ ਬਚਾਅ ਕਰਮਚਾਰੀ ਅਨੁਸਾਰ, ਧਮਾਕੇ ਕਾਰਨ ਇਮਾਰਤ ਦੇ ਨੇੜੇ ਸਥਿਤ 100 ਤੋਂ ਵੱਧ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬਚਾਅ ਅਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਅਧਿਕਾਰੀ ਧਮਾਕੇ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੇ ਹਨ, ਜਦਕਿ ਪ੍ਰਭਾਵਿਤ ਇਲਾਕੇ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਤਾਇਨਾਤ ਕੀਤਾ ਗਿਆ ਹੈ।









