Sunday, July 19, 2026
Home World News ਵਾਸ਼ਿੰਗਟਨ ਦੀ ਪੇਪਰ ਮਿੱਲ ’ਚ ਭਿਆਨਕ ਧਮਾਕਾ, ਕਈ ਜਾਨਾਂ ਗਈਆਂ; ਬਚਾਅ ਕਾਰਜ...

ਵਾਸ਼ਿੰਗਟਨ ਦੀ ਪੇਪਰ ਮਿੱਲ ’ਚ ਭਿਆਨਕ ਧਮਾਕਾ, ਕਈ ਜਾਨਾਂ ਗਈਆਂ; ਬਚਾਅ ਕਾਰਜ ਜਾਰੀ

0
22

ਵਾਸ਼ਿੰਗਟਨ: ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ ਲੌਂਗਵਿਊ ਸ਼ਹਿਰ ਵਿੱਚ ਸਥਿਤ ਇੱਕ ਪੇਪਰ ਮਿੱਲ ਵਿੱਚ ਵਾਪਰੇ ਭਿਆਨਕ ਉਦਯੋਗਿਕ ਹਾਦਸੇ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਕਾਗਜ਼ ਬਣਾਉਣ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਨਾਲ ਭਰਿਆ ਇੱਕ ਵਿਸ਼ਾਲ ਟੈਂਕ ਅਚਾਨਕ ਫਟ ਗਿਆ ਅਤੇ ਢਹਿ ਗਿਆ, ਜਿਸ ਕਾਰਨ ਭਾਰੀ ਜਾਨੀ ਨੁਕਸਾਨ ਹੋਇਆ।

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਲੌਂਗਵਿਊ ਵਿੱਚ ਸਥਿਤ ਨਿਪੋਨ ਡਾਇਨਾਵੇਵ ਪੈਕੇਜਿੰਗ ਕੰਪਨੀ ਦੀ ਪੇਪਰ ਮਿੱਲ ਵਿੱਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਲਗਭਗ 19 ਲੱਖ ਲੀਟਰ ਸਮਰੱਥਾ ਵਾਲਾ ਰਸਾਇਣਕ ਟੈਂਕ ਅਚਾਨਕ ਡਿੱਗ ਪਿਆ, ਜਿਸ ਨਾਲ ਮਿੱਲ ਅੰਦਰ ਹਫੜਾ-ਦਫੜੀ ਮਚ ਗਈ।

ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿੱਚ ਇੱਕ ਫਾਇਰਫਾਈਟਰ ਵੀ ਸ਼ਾਮਲ ਹੈ, ਜੋ ਬਚਾਅ ਕਾਰਜ ਦੌਰਾਨ ਪ੍ਰਭਾਵਿਤ ਹੋਇਆ।

ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਅਨੁਸਾਰ ਬਚਾਅ ਮੁਹਿੰਮ ਬਹੁਤ ਸਾਵਧਾਨੀ ਨਾਲ ਚਲਾਈ ਜਾ ਰਹੀ ਹੈ ਕਿਉਂਕਿ ਮੌਕੇ ’ਤੇ ਖਤਰਨਾਕ ਰਸਾਇਣ ਮੌਜੂਦ ਹਨ ਅਤੇ ਢਾਂਚੇ ਦੇ ਹੋਰ ਹਿੱਸਿਆਂ ਦੇ ਡਿੱਗਣ ਦਾ ਵੀ ਖਤਰਾ ਬਣਿਆ ਹੋਇਆ ਹੈ। ਮਾਹਿਰ ਟੀਮਾਂ ਵੱਲੋਂ ਪ੍ਰਭਾਵਿਤ ਖੇਤਰ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਜਾਪਾਨੀ ਕੰਪਨੀ ਨਿਪੋਨ ਪੇਪਰ ਗਰੁੱਪ ਨੇ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ।

ਅਧਿਕਾਰੀਆਂ ਮੁਤਾਬਕ ਰਸਾਇਣਕ ਲੀਕ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਾਲਾਤਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਹਵਾ ਅਤੇ ਪੀਣ ਵਾਲੇ ਪਾਣੀ ’ਤੇ ਕਿਸੇ ਵੱਡੇ ਪ੍ਰਭਾਵ ਦੀ ਪੁਸ਼ਟੀ ਨਹੀਂ ਹੋਈ, ਪਰ ਕੁਝ ਮਾਤਰਾ ਵਿੱਚ ਪ੍ਰਦੂਸ਼ਣ ਨੇੜਲੇ ਜਲ ਸਰੋਤਾਂ ਤੱਕ ਪਹੁੰਚਣ ਦੀ ਜਾਣਕਾਰੀ ਮਿਲੀ ਹੈ। ਵਾਤਾਵਰਣ ਸੁਰੱਖਿਆ ਨਾਲ ਜੁੜੀਆਂ ਏਜੰਸੀਆਂ ਵੱਲੋਂ ਸਥਿਤੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਹਿਰ ਟੀਮਾਂ ਵੱਲੋਂ ਟੈਂਕ ਦੇ ਢਹਿਣ ਪਿੱਛੇ ਸੰਭਾਵਿਤ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here