ਖੰਨਾ: ਖੰਨਾ ਪੁਲਿਸ ਨੇ ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੱਕ ਸ਼ਾਤਰ ਲੁਟੇਰਾ ਗੈਂਗ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲਿਸ ਅਨੁਸਾਰ ਇਹ ਗਿਰੋਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੁੱਟ-ਖੋਹ ਅਤੇ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।
ਐਸ.ਪੀ. (ਜਾਂਚ) ਪਵਨਜੀਤ ਨੇ ਦੱਸਿਆ ਕਿ ਸਿਟੀ ਥਾਣਾ-2 ਦੇ ਐਸ.ਐਚ.ਓ. ਤਰਵਿੰਦਰ ਕੁਮਾਰ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਮਾਲੇਰਕੋਟਲਾ ਰੋਡ ਨੇੜੇ ਰਾਜਧਾਨੀ ਇਨਕਲੇਵ ਵਿਖੇ ਨਾਕਾਬੰਦੀ ਦੌਰਾਨ ਯਾਦਵਿੰਦਰ ਸਿੰਘ ਉਰਫ਼ ਜਿੰਮੀ, ਅਸਲਮ ਮੁਹੰਮਦ ਉਰਫ਼ ਆਸ਼ੂ, ਸੁਖਦੀਪ ਸਿੰਘ ਉਰਫ਼ ਪੋਪੋ ਅਤੇ ਦਵਿੰਦਰ ਕੌਰ ਨੂੰ ਕਾਬੂ ਕੀਤਾ। ਇਹ ਸਾਰੇ ਮਲੇਰਕੋਟਲਾ ਦੇ ਪਿੰਡ ਬਾਗੜੀਆਂ ਦੇ ਰਹਿਣ ਵਾਲੇ ਹਨ, ਜਦਕਿ ਉਨ੍ਹਾਂ ਦੀ ਸਾਥੀ ਗੁਰਮੀਤ ਕੌਰ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗੈਂਗ ਖੰਨਾ, ਸਮਰਾਲਾ, ਫਤਹਿਗੜ੍ਹ ਸਾਹਿਬ, ਮਾਲੇਰਕੋਟਲਾ, ਪਟਿਆਲਾ, ਲੁਧਿਆਣਾ ਦਿਹਾਤੀ ਅਤੇ ਬਰਨਾਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਰਾਹਗੀਰਾਂ, ਬਜ਼ੁਰਗਾਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਸੋਨੇ ਦੀਆਂ ਚੇਨਾਂ, ਵਾਲੀਆਂ, ਨਕਦੀ ਅਤੇ ਵਾਹਨਾਂ ਦੀ ਲੁੱਟ ਕਰਦਾ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 4 ਸੋਨੇ ਦੀਆਂ ਚੇਨਾਂ, 4 ਜੋੜੇ ਸੋਨੇ ਦੀਆਂ ਵਾਲੀਆਂ, ਇੱਕ ਬਿਨਾਂ ਨੰਬਰ ਵਾਲਾ ਪਲਸਰ ਮੋਟਰਸਾਈਕਲ ਅਤੇ ਇੱਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।






