ਜੰਮੂ-ਕਸ਼ਮੀਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ ਵਿੱਚ ਸਰਹੱਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੀ ਸਮੀਖਿਆ ਕਰਨਗੇ। ਗ੍ਰਹਿ ਮੰਤਰੀ ਬੀਤੀ ਰਾਤ ਦੋ ਦਿਨਾਂ ਦੇ ਦੌਰੇ ‘ਤੇ ਜੰਮੂ ਪਹੁੰਚੇ ਹਨ। ਦੌਰੇ ਦੌਰਾਨ ਉਹ ਸੁਰੱਖਿਆ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕਾਂ ਕਰਕੇ ਸੁਰੱਖਿਆ ਸਥਿਤੀ ਦਾ ਮੁਲਾਂਕਣ ਕਰਨਗੇ ਅਤੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ।
ਕਾਰਜਕ੍ਰਮ ਅਨੁਸਾਰ, ਗ੍ਰਹਿ ਮੰਤਰੀ ਅੱਜ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਸੀਮਾ ਪਾਰ ਘੁਸਪੈਠ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲ (BSF) ਵੱਲੋਂ ਵਰਤੇ ਜਾ ਰਹੇ ਆਧੁਨਿਕ ਉਪਕਰਣਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨਗੇ। ਇਸ ਤੋਂ ਇਲਾਵਾ, ਸ਼੍ਰੀ ਅਮਿਤ ਸ਼ਾਹ ਬੋਬੀਆ ਅਤੇ ਗੁਰਨਾਮ ਵਿੱਚ ਸਥਿਤ BSF ਚੌਕੀਆਂ ਦਾ ਵੀ ਦੌਰਾ ਕਰਨਗੇ।
ਗ੍ਰਹਿ ਮੰਤਰੀ ਜੰਮੂ ਦੇ ਲੋਕ ਭਵਨ ਵਿੱਚ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕਰਨਗੇ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਸ ਮੌਕੇ ਉਨ੍ਹਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਜਾਵੇਗਾ।
ਸੁਰੱਖਿਆ ਸਮੀਖਿਆ ਬੈਠਕ ਵਿੱਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਅਰਧ ਸੈਨਿਕ ਬਲਾਂ ਦੇ ਮੁਖੀ ਅਤੇ ਖੁਫੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਬੈਠਕ ਦੌਰਾਨ ਸਰਹੱਦੀ ਸੁਰੱਖਿਆ, ਅੰਦਰੂਨੀ ਸੁਰੱਖਿਆ ਚੁਣੌਤੀਆਂ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।
ਦੌਰੇ ਦੇ ਦੂਜੇ ਦਿਨ ਗ੍ਰਹਿ ਮੰਤਰੀ ਸ਼੍ਰੀਨਗਰ ਜਾਣਗੇ, ਜਿੱਥੇ ਉਹ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਜ਼ਿਕਰਯੋਗ ਹੈ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਅਮਿਤ ਸ਼ਾਹ ਦੀ ਜੰਮੂ-ਕਸ਼ਮੀਰ ਸਬੰਧੀ ਦੂਜੀ ਉੱਚ ਪੱਧਰੀ ਸਮੀਖਿਆ ਹੈ। ਇਸ ਤੋਂ ਪਹਿਲਾਂ 8 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਵੀ ਸੁਰੱਖਿਆ ਸਥਿਤੀ ‘ਤੇ ਬੈਠਕ ਹੋ ਚੁੱਕੀ ਹੈ।



