Home National ਉੱਤਰਾਖੰਡ ‘ਚ ਭਾਰੀ ਮੀਂਹ ਦਾ ਕਹਿਰ, ਸਕੂਲ ਬੰਦ

ਉੱਤਰਾਖੰਡ ‘ਚ ਭਾਰੀ ਮੀਂਹ ਦਾ ਕਹਿਰ, ਸਕੂਲ ਬੰਦ

0
1

ਦੇਹਰਾਦੂਨ: ਉੱਤਰਾਖੰਡ ਵਿੱਚ ਬੀਤੀ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਰੁਦਰਪ੍ਰਯਾਗ, ਚਮੋਲੀ ਸਮੇਤ ਚਾਰ ਜ਼ਿਲ੍ਹਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਰੁਦਰਪ੍ਰਯਾਗ ਦੇ ਤਿਲਵਾੜਾ ਇਲਾਕੇ ਵਿੱਚ ਪਹਾੜੀ ਨਾਲੇ ਦੇ ਉਫਾਨ ਕਾਰਨ ਕੇਦਾਰਨਾਥ ਹਾਈਵੇਅ ‘ਤੇ ਮਲਬਾ ਆ ਗਿਆ, ਜਿਸ ਨਾਲ 10 ਤੋਂ ਵੱਧ ਵਾਹਨ ਚਿੱਕੜ ਵਿੱਚ ਫਸ ਗਏ। ਅਲਕਨੰਦਾ ਨਦੀ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਾਰਨ ਪ੍ਰਸ਼ਾਸਨ ਲੋਕਾਂ ਨੂੰ ਨਦੀ ਕਿਨਾਰਿਆਂ ਤੋਂ ਦੂਰ ਰਹਿਣ ਦੀ ਅਪੀਲ ਕਰ ਰਿਹਾ ਹੈ।

ਚਮੋਲੀ ਦੇ ਵਿਨਾਇਕ ਚੱਟੀ ਇਲਾਕੇ ਵਿੱਚ ਬੱਦਲ ਫਟਣ ਵਰਗੀ ਘਟਨਾ ਦੀ ਸੂਚਨਾ ਮਿਲੀ ਹੈ। ਜ਼ਮੀਨ ਖਿਸਕਣ ਕਾਰਨ ਹੇਲਾਂਗ ਅਤੇ ਆਮਸੌਦ ਨੇੜੇ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ, ਜਿਸ ਕਾਰਨ 200 ਤੋਂ ਵੱਧ ਯਾਤਰੀ ਫਸੇ ਹੋਏ ਹਨ। ਇਸ ਤੋਂ ਇਲਾਵਾ ਨਰਾਇਣਬਾਗਰ-ਕਰਨਪ੍ਰਯਾਗ ਮੋਟਰ ਮਾਰਗ ਵੀ ਕਈ ਥਾਵਾਂ ‘ਤੇ ਮਲਬੇ ਅਤੇ ਵੱਡੇ ਪੱਥਰਾਂ ਕਾਰਨ ਬੰਦ ਹੋ ਗਿਆ ਹੈ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਮੌਸਮ ਵਿਭਾਗ ਨੇ ਦੇਹਰਾਦੂਨ, ਚਮੋਲੀ ਅਤੇ ਬਾਗੇਸ਼ਵਰ ਲਈ ਔਰੇਂਜ ਅਲਰਟ ਜਾਰੀ ਕਰਦਿਆਂ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਟਿਹਰੀ, ਉੱਤਰਕਾਸ਼ੀ, ਪੌੜੀ, ਪਿਥੌਰਾਗੜ੍ਹ, ਚੰਪਾਵਤ, ਨੈਨੀਤਾਲ ਅਤੇ ਰੁਦਰਪ੍ਰਯਾਗ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਖਰਾਬ ਮੌਸਮ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਰੁਦਰਪ੍ਰਯਾਗ, ਬਾਗੇਸ਼ਵਰ, ਦੇਹਰਾਦੂਨ, ਪੌੜੀ ਗੜ੍ਹਵਾਲ ਅਤੇ ਚਮੋਲੀ ਜ਼ਿਲ੍ਹਿਆਂ ਵਿੱਚ ਆਂਗਣਵਾੜੀ ਕੇਂਦਰਾਂ ਸਮੇਤ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ 9 ਅਗਸਤ ਤੱਕ ਮੀਂਹ ਅਤੇ ਖਰਾਬ ਮੌਸਮ ਦਾ ਦੌਰ ਜਾਰੀ ਰਹਿ ਸਕਦਾ ਹੈ।

LEAVE A REPLY

Please enter your comment!
Please enter your name here