ਫਿਰੋਜ਼ਪੁਰ: ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਵੱਡੀ ਸਹੂਲਤ ਦੀ ਖ਼ਬਰ ਸਾਹਮਣੇ ਆਈ ਹੈ। ਰਾਧਾ ਸਵਾਮੀ ਸਤਿਸੰਗ ਦੌਰਾਨ ਵਧਦੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਫਿਰੋਜ਼ਪੁਰ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਵੱਲੋਂ ਦਿੱਤੀ ਗਈ ਹੈ।
ਰੇਲਵੇ ਵੱਲੋਂ ਹਜ਼ਰਤ ਨਿਜ਼ਾਮੂਦੀਨ–ਬਿਆਸ–ਹਜ਼ਰਤ ਨਿਜ਼ਾਮੂਦੀਨ (04451/04452) ਵਿਸ਼ੇਸ਼ ਰੇਲਗੱਡੀ ਦੋ ਚੱਕਰ ਲਗਾਏਗੀ। 04451 ਨੰਬਰ ਰੇਲਗੱਡੀ 23 ਅਪ੍ਰੈਲ ਅਤੇ 7 ਮਈ 2026 ਨੂੰ ਸ਼ਾਮ 7:40 ਵਜੇ ਹਜ਼ਰਤ ਨਿਜ਼ਾਮੂਦੀਨ ਤੋਂ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 4:05 ਵਜੇ ਬਿਆਸ ਪਹੁੰਚੇਗੀ। ਵਾਪਸੀ ਵਿੱਚ 04452 ਰੇਲਗੱਡੀ 26 ਅਪ੍ਰੈਲ ਅਤੇ 10 ਮਈ 2026 ਨੂੰ ਰਾਤ 8:35 ਵਜੇ ਬਿਆਸ ਤੋਂ ਚੱਲ ਕੇ ਸਵੇਰੇ 4 ਵਜੇ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ। ਇਹ ਰੇਲਗੱਡੀ ਰਸਤੇ ਵਿੱਚ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ‘ਤੇ ਰੁਕੇਗੀ।
ਇਸ ਤੋਂ ਇਲਾਵਾ ਸਹਾਰਨਪੁਰ–ਬਿਆਸ–ਸਹਾਰਨਪੁਰ (04565/04566) ਵਿਸ਼ੇਸ਼ ਰੇਲ ਸੇਵਾ ਤਿੰਨ ਦੌਰਾਂ ਵਿੱਚ ਚਲਾਈ ਜਾਵੇਗੀ। 04565 ਰੇਲਗੱਡੀ 24 ਅਪ੍ਰੈਲ, 1 ਮਈ ਅਤੇ 8 ਮਈ 2026 ਨੂੰ ਸਹਾਰਨਪੁਰ ਤੋਂ ਰਾਤ 8:50 ਵਜੇ ਰਵਾਨਾ ਹੋ ਕੇ 2:15 ਵਜੇ ਬਿਆਸ ਪਹੁੰਚੇਗੀ। ਵਾਪਸੀ ਵਿੱਚ 04566 ਰੇਲਗੱਡੀ 26 ਅਪ੍ਰੈਲ, 3 ਮਈ ਅਤੇ 10 ਮਈ 2026 ਨੂੰ ਬਿਆਸ ਤੋਂ ਦੁਪਹਿਰ 3 ਵਜੇ ਚੱਲ ਕੇ ਰਾਤ 9:10 ਵਜੇ ਸਹਾਰਨਪੁਰ ਪਹੁੰਚੇਗੀ। ਇਹ ਰੇਲਗੱਡੀ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ‘ਤੇ ਰੁਕੇਗੀ।
ਰੇਲਵੇ ਦੇ ਇਸ ਫੈਸਲੇ ਨਾਲ ਸਤਿਸੰਗ ਦੌਰਾਨ ਹੋਣ ਵਾਲੀ ਭੀੜ ਨੂੰ ਕਾਫ਼ੀ ਹੱਦ ਤੱਕ ਸੰਭਾਲਿਆ ਜਾ ਸਕੇਗਾ ਅਤੇ ਸ਼ਰਧਾਲੂਆਂ ਲਈ ਯਾਤਰਾ ਹੋਰ ਵੀ ਆਸਾਨ ਬਣੇਗੀ।






