ਪੰਜਾਬ: ਪੰਜਾਬ ਸਮੇਤ ਕਈ ਰਾਜਾਂ ਵਿੱਚ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲੀ ਕੰਪਨੀ ਮੈਸਰਜ਼ ਨੇਚਰ ਹਾਈਟਸ ਇਨਫਰਾ ਲਿਮਟਿਡ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਹਿਮ ਕਾਰਵਾਈ ਕੀਤੀ ਹੈ। ਜਲੰਧਰ ਸਥਿਤ ਈ.ਡੀ. ਦੇ ਜ਼ੋਨਲ ਦਫ਼ਤਰ ਨੇ ਪੀ.ਐਮ.ਐਲ.ਏ. ਅਦਾਲਤ ਦੇ ਹੁਕਮਾਂ ਤੋਂ ਬਾਅਦ ਕੰਪਨੀ ਦੀਆਂ ਜਬਤ ਕੀਤੀਆਂ ਜਾਇਦਾਦਾਂ ਸੰਬੰਧਤ ਬੈਂਕਾਂ ਨੂੰ ਸੌਂਪ ਦਿੱਤੀਆਂ ਹਨ।
ਇਸ ਕਦਮ ਨਾਲ ਹੁਣ ਬੈਂਕਾਂ ਨੂੰ ਇਨ੍ਹਾਂ ਜਾਇਦਾਦਾਂ ਦੀ ਨਿਲਾਮੀ ਜਾਂ ਮੁੜ ਵਰਤੋਂ ਰਾਹੀਂ ਫਸੇ ਹੋਏ ਫੰਡਾਂ ਦੀ ਵਸੂਲੀ ਕਰਨ ਦਾ ਕਾਨੂੰਨੀ ਅਧਿਕਾਰ ਮਿਲ ਗਿਆ ਹੈ। ਇਸ ਨਾਲ ਨਿਵੇਸ਼ਕਾਂ ਲਈ ਆਪਣੇ ਨੁਕਸਾਨ ਦੀ ਭਰਪਾਈ ਦਾ ਰਸਤਾ ਵੀ ਖੁੱਲ੍ਹ ਗਿਆ ਹੈ।
ਬੈਂਕਾਂ ਨੂੰ ਸੌਂਪੀਆਂ ਗਈਆਂ ਸਾਰੀਆਂ ਵਪਾਰਕ ਜਾਇਦਾਦਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸਥਿਤ ਹਨ। ਇਨ੍ਹਾਂ ਦੀ ਸਰਕਾਰੀ ਕੀਮਤ ਲਗਭਗ 20.21 ਕਰੋੜ ਰੁਪਏ ਦੱਸੀ ਗਈ ਹੈ, ਜਦਕਿ ਮੌਜੂਦਾ ਬਾਜ਼ਾਰ ਕੀਮਤ ਕਰੀਬ 50 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਮੰਨਿਆ ਜਾ ਰਿਹਾ ਹੈ ਕਿ ਜਾਇਦਾਦਾਂ ਦੀ ਵਿਕਰੀ ਨਾਲ ਨਿਵੇਸ਼ਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਕੰਪਨੀ ਨੇ ਜ਼ਮੀਨ ਮੁਹੱਈਆ ਕਰਵਾਉਣ ਦੇ ਨਾਂ ‘ਤੇ ਵੱਡੀ ਗਿਣਤੀ ਵਿੱਚ ਲੋਕਾਂ ਤੋਂ ਨਿਵੇਸ਼ ਇਕੱਠਾ ਕੀਤਾ ਸੀ। ਕਈ ਨਿਵੇਸ਼ਕਾਂ ਨੇ ਆਪਣੀ ਜੀਵਨ ਭਰ ਦੀ ਬਚਤ ਇਸ ਪ੍ਰੋਜੈਕਟ ਵਿੱਚ ਲਗਾਈ ਸੀ, ਪਰ ਨਾ ਤਾਂ ਉਨ੍ਹਾਂ ਨੂੰ ਜ਼ਮੀਨ ਮਿਲੀ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਇਸ ਕਾਰਨ ਪੀੜਤ ਨਿਵੇਸ਼ਕ ਲੰਬੇ ਸਮੇਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਸਨ।
ਇਸ ਤਾਜ਼ਾ ਕਾਰਵਾਈ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਪੀੜਤਾਂ ਨੂੰ ਹੁਣ ਨਿਆਂ ਅਤੇ ਆਰਥਿਕ ਰਾਹਤ ਮਿਲ ਸਕੇਗੀ।







