Sunday, July 19, 2026
Home Punjab ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਇਕਲੌਤੇ ਪੁੱਤਰ ਦੇ ਸੁਪਨਿਆਂ ਨਾਲ ਟੁੱਟ...

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਇਕਲੌਤੇ ਪੁੱਤਰ ਦੇ ਸੁਪਨਿਆਂ ਨਾਲ ਟੁੱਟ ਗਿਆ ਪਰਿਵਾਰ, ਕਰਜ਼ੇ ਹੇਠ ਦਬੇ ਮਾਪਿਆਂ ਦੀ ਸਰਕਾਰ ਕੋਲ ਗੁਹਾਰ

0
46

ਰਾਜਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਕੁਲਵੰਤ ਸਿੰਘ, ਜੋ ਕਿ ਪ੍ਰਾਈਵੇਟ ਬੱਸ ਡਰਾਈਵਰ ਹਨ, ਨੇ ਆਪਣੇ ਪੁੱਤਰ ਦੇ ਸੁਨਹਿਰੀ ਭਵਿੱਖ ਲਈ ਆਪਣੀ 2 ਏਕੜ ਜ਼ਮੀਨ ‘ਤੇ ਲੋਨ ਲੈ ਕੇ ਅਤੇ ਕਰਜ਼ਾ ਚੁੱਕ ਕੇ ਲਗਭਗ 23 ਲੱਖ ਰੁਪਏ ਖਰਚ ਕੀਤੇ। ਰਾਜਪ੍ਰੀਤ ਢਾਈ ਸਾਲ ਪਹਿਲਾਂ ਉੱਚੀ ਪੜ੍ਹਾਈ ਲਈ ਕੈਨੇਡਾ ਦੇ ਬਰੈਂਪਟਨ ਸ਼ਹਿਰ ਗਿਆ ਸੀ।

ਪਰਿਵਾਰ ਮੁਤਾਬਕ ਕੁਝ ਦਿਨ ਪਹਿਲਾਂ ਰਾਜਪ੍ਰੀਤ ਨੂੰ ਅਚਾਨਕ ਪੇਟ ਵਿੱਚ ਭਿਆਨਕ ਦਰਦ ਹੋਇਆ। ਇਲਾਜ ਦੌਰਾਨ 17 ਜਨਵਰੀ ਨੂੰ ਉਸ ਦੀ ਮੌਤ ਹੋ ਗਈ। ਇਸ ਦੁੱਖਦਾਈ ਘਟਨਾ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਇਕਲੌਤੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਪੰਜਾਬ ਲਿਆਉਣ ਲਈ ਵੀ ਗ਼ਰੀਬ ਪਿਤਾ ਨੂੰ 9.50 ਲੱਖ ਰੁਪਏ ਦਾ ਹੋਰ ਕਰਜ਼ਾ ਚੁੱਕਣਾ ਪਿਆ।

ਅੱਜ ਪਿੰਡ ਗੁਰਮ ਵਿਖੇ ਨਮ ਅੱਖਾਂ ਨਾਲ ਰਾਜਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਰੋਦੇ-ਕੁਰਲਾਉਂਦੇ ਮਾਪਿਆਂ ਨੇ ਦੱਸਿਆ ਕਿ ਰਾਜਪ੍ਰੀਤ ਨੇ ਵਾਅਦਾ ਕੀਤਾ ਸੀ ਕਿ ਉਹ ਹਰ ਰੋਜ਼ ਸਵੇਰੇ-ਸ਼ਾਮ ਆਪਣੀ ਮਾਂ ਨਾਲ ਗੱਲ ਕਰੇਗਾ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਉਨ੍ਹਾਂ ‘ਤੇ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ। ਧਿਆਨਯੋਗ ਹੈ ਕਿ ਮਹਿਲ ਕਲਾਂ ਹਲਕੇ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਇਹ ਤੀਜੀ ਅਜਿਹੀ ਘਟਨਾ ਹੈ ਜਿੱਥੇ ਕਿਸੇ ਨੌਜਵਾਨ ਦੀ ਵਿਦੇਸ਼ ਵਿੱਚ ਮੌਤ ਹੋਈ ਹੈ।

ਇਹ ਘਟਨਾਵਾਂ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ ਪਰਵਾਸ ਅਤੇ ਉੱਥੇ ਦਰਪੇਸ਼ ਸਿਹਤ ਤੇ ਸੁਰੱਖਿਆ ਸੰਬੰਧੀ ਚੁਣੌਤੀਆਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ।

LEAVE A REPLY

Please enter your comment!
Please enter your name here